ਚੰਡੀਗੜ੍ਹ: ਤਿਉਹਾਰਾਂ ਮੌਕੇ ਵੇਰਕਾ ਉਤਪਾਦਾਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਮਿਲਕਫੈਡ ਪੂਰੀ ਤਰ੍ਹਾਂ ਤਿਆਰ ਹੈ। ਇਹ ਗੱਲ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਮੁਹਾਲੀ ਵੇਰਕਾ ਪਲਾਂਟ ਵਿਖੇ ਕੰਮ ਦਾ ਜਾਇਜ਼ਾ ਲੈਣ ਮੌਕੇ ਕਹੀ।


ਰੰਧਾਵਾ ਜਿਨ੍ਹਾਂ ਕੋਲ ਸਹਿਕਾਰਤਾ ਵਿਭਾਗ ਹੈ, ਨੇ ਵੇਰਕਾ ਪਲਾਂਟ ਵਿਖੇ ਦੁੱਧ ਦੀ ਪ੍ਰਾਸੈਸਿੰਗ, ਦੇਸੀ ਘਿਓ ਅਤੇ ਪਨੀਰ ਦੇ ਉਤਪਾਦਨ ਖ਼ੁਦ ਦੇਖਿਆ ਅਤੇ ਗੁਣਵੱਤਾ ਦੇ ਮਿਆਰਾਂ ਉਤੇ ਤਸੱਲੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਮਿਲਕਫੈਡ ਆਪਣੀ ਸ਼ੁੱਧਤਾ ਲਈ ਜਾਣਿਆ ਜਾਂਦਾ ਹੈ ਅਤੇ ਇਸੇ ਲਈ ਤਿਉਹਾਰਾਂ ਦੇ ਸੀਜ਼ਨ ਮੌਕੇ ਵੇਰਕਾ ਉਤਪਾਦਾਂ ਦੀ ਮੰਗ ਵਧ ਜਾਂਦੀ ਹੈ।


 ਉਨ੍ਹਾਂ ਕਿਹਾ ਕਿ ਇਸ ਮੰਗ ਨੂੰ ਪੂਰੀ ਕਰਨ ਲਈ ਮਿਲਕਫੈਡ ਵੱਲੋਂ ਸਾਰੇ ਪ੍ਰਬੰਧ ਕੀਤੇ ਗਏ ਹਨ।ਮਿਲਕਫੈਡ ਦੇ ਉਤਪਾਦਾਂ ਦੀ ਕਿਸਮ ਵੀ ਗਾਹਕਾਂ ਨੂੰ ਖਿੱਚਦੀ ਹੈ।


ਉਪ ਮੁੱਖ ਮੰਤਰੀ ਨੇ ਸਟਾਫ਼ ਦੀ ਹੌਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਸਹਿਕਾਰੀ ਅਦਾਰਿਆਂ ਦੀ ਮਜ਼ਬੂਤੀ ਨਾਲ ਕਿਸਾਨੀ ਅਤੇ ਦੁੱਧ ਉਤਪਾਦਕਾਂ ਦੀ ਆਰਥਿਕਤਾ ਵੀ ਤਕੜੀ ਹੋਵੇਗੀ। 


ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਜਿਨ੍ਹਾਂ ਕੋਲ ਸਹਿਕਾਰਤਾ ਵਿਭਾਗ ਵੀ ਹੈ, ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਰਕਾਰੀ ਪੈਸੇ ਦਾ ਲੈਣ-ਦੇਣ ਸਹਿਕਾਰੀ ਬੈਂਕਾਂ ਰਾਹੀਂ ਕਰਨ ਦਾ ਕੀਤਾ ਗਿਆ ਫੈਸਲਾ ਇਨ੍ਹਾਂ ਬੈਂਕਾਂ ਨੂੰ ਸੁਰਜੀਤ ਕਰਨ ਲਈ ਮੀਲ ਪੱਥਰ ਸਾਬਤ ਹੋਵੇਗਾ। ਇਸ ਮੌਕੇ ਸ. ਰੰਧਾਵਾ ਨੇ ਦੱਸਿਆ ਕਿ ਅੱਜ ਸਹਿਕਾਰਤਾ ਵਿਭਾਗ ਦੇ ਤਿੰਨਾਂ ਅਦਾਰਿਆਂ ਸਹਿਕਾਰੀ ਬੈਂਕਾਂ, ਵੇਅਰਹਾਊਸਿੰਗ ਅਤੇ ਸ਼ੂਗਰਫੈੱਡ ਵਿੱਚ 747 ਨਵੇਂ ਮੁਲਾਜ਼ਮ ਭਰਤੀ ਕੀਤੇ ਗਏ ਹਨ, ਜਿਨ੍ਹਾਂ ਨੂੰ ਅੱਜ ਨਿਯੁਕਤੀ ਪੱਤਰ ਦਿੱਤੇ ਗਏ। ਇਨ੍ਹਾਂ ਵਿੱਚ ਸਹਿਕਾਰੀ ਬੈਂਕਾਂ ਦੇ 623, ਵੇਅਰਹਾਊਸਿੰਗ ਕਾਰਪੋਰੇਸ਼ਨ ਦੇ 97 ਅਤੇ ਸ਼ੂਗਰਫੈੱਡ ਦੇ 27 ਮੁਲਾਜ਼ਮ ਸ਼ਾਮਲ ਹਨ। ਅੱਜ ਸੀਨੀਅਰ ਮੈਨੇਜਰ, ਮੈਨੇਜਰ, ਆਈ.ਟੀ.ਓ., ਕਲਰਕ, ਤਕਨੀਕੀ ਸਹਾਇਕ ਅਤੇ ਡੇਟਾ ਐਂਟਰੀ ਅਪਰੇਟਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ।


ਰੰਧਾਵਾ ਨੇ ਦੱਸਿਆ ਕਿ ਤਰਸ ਦੇ ਆਧਾਰ ਉਤੇ ਨਿਯੁਕਤੀਆਂ ਦਾ ਬੈਕਲਾਗ ਪੂਰਾ ਕਰਦਿਆਂ 1996 ਤੋਂ ਬਾਅਦ 27 ਮ੍ਰਿਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਨੌਕਰੀ ਦਿੱਤੀ ਗਈ ਹੈ। ਉਨ੍ਹਾਂ ਪੰਜਾਬ ਦਿਵਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਨੂੰ ਚੇਤੇ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਪਾਇਆ ਯੋਗਦਾਨ ਭੁਲਾਇਆ ਨਹੀਂ ਜਾ ਸਕਦਾ। 


 


 


ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ


ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ