Sukhna-Bhakra Floodgates Opened: ਪੰਜਾਬ ਵਿੱਚ ਅੱਜ ਅਤੇ ਅਗਲੇ ਤਿੰਨ ਦਿਨ ਖਤਰੇ ਵਾਲੇ ਰਹਿਣਗੇ। ਪੰਜਾਬ ਦੇ ਤਿੰਨ ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਬਾਰਿਸ਼ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਇਸੇ ਨਾਲ ਕਈ ਜ਼ਿਲ੍ਹਿਆਂ ਵਿੱਚ ਚੰਗੀ ਬਾਰਿਸ਼ ਹੋਣ ਦਾ ਅਨੁਮਾਨ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਮੋਹਾਲੀ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਵਿੱਚ ਬਾਰਿਸ਼ ਨੂੰ ਲੈ ਕੇ ਲਾਲ ਅਲਰਟ ਜਾਰੀ ਕੀਤਾ ਹੈ।
ਜੇਕਰ ਪਹਾੜਾਂ 'ਚ ਪਿਆ ਹੋਰ ਮੀਂਹ ਤਾਂ ਪੰਜਾਬ ਨੂੰ ਸਹਿਣੀ ਪੈਣੀ ਹੋਰ ਮਾਰ
ਪੰਜਾਬ ਦੇ ਨਾਲ-ਨਾਲ ਜੰਮੂ-ਕਸ਼ਮੀਰ ਵਿੱਚ 2 ਅਕਤੂਬਰ ਤੱਕ ਔਰੇਂਜ ਅਲਰਟ ਅਤੇ ਹਿਮਾਚਲ ਪ੍ਰਦੇਸ਼ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜੇ ਜੰਮੂ-ਕਸ਼ਮੀਰ ਤੇ ਹਿਮਾਚਲ ਵਿੱਚ ਦੁਬਾਰਾ ਭਾਰੀ ਮੀਂਹ ਪਿਆ ਤਾਂ ਉਸਦਾ ਨੁਕਸਾਨ ਸਿੱਧਾ ਪੰਜਾਬ ਨੂੰ ਝੱਲਣਾ ਪਵੇਗਾ। ਹਾਲਾਂਕਿ ਵੀਰਵਾਰ ਨੂੰ ਪੰਜਾਬ ਵਿੱਚ ਕਿਤੇ ਵੀ ਮੀਂਹ ਨਹੀਂ ਪਿਆ, ਜਿਸ ਕਰਕੇ ਰਾਵੀ ਦਰਿਆ ਦਾ ਪਾਣੀ ਕੁਝ ਘੱਟ ਹੋਇਆ ਹੈ। ਜੰਮੂ-ਕਸ਼ਮੀਰ ਵਿੱਚ ਆਈ ਹੜ੍ਹ ਕਾਰਨ ਪੰਜਾਬ ਰਾਹੀਂ ਗੁਜ਼ਰਨ ਵਾਲੀਆਂ ਟ੍ਰੇਨਾਂ ਪ੍ਰਭਾਵਿਤ ਹੋਈਆਂ ਹਨ ਅਤੇ ਕਈ ਟ੍ਰੇਨਾਂ ਰੱਦ ਕੀਤੀਆਂ ਗਈਆਂ ਹਨ।
ਘੱਗਰ ਦਰਿਆ ਵਿੱਚ ਪਾਣੀ ਵਧਣ ਦੀ ਆਸ
ਡੈਮਾਂ ਤੋਂ ਪਾਣੀ ਛੱਡੇ ਜਾਣ ਕਰਕੇ ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਹਾਲਾਤ ਗੰਭੀਰ ਹੋ ਗਏ ਹਨ। ਸ਼ੁੱਕਰਵਾਰ ਨੂੰ ਭਾਖੜਾ ਡੈਮ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ 8 ਫੁੱਟ ਹੇਠਾਂ ਸੀ। ਇਸੇ ਦੌਰਾਨ ਸੁਖਨਾ ਝੀਲ ਦੇ ਫਲੱਡ ਗੇਟ ਵੀ ਖੋਲ੍ਹੇ ਗਏ ਹਨ, ਜਿਸ ਤੋਂ ਬਾਅਦ ਘੱਗਰ ਦਰਿਆ ਵਿੱਚ ਪਾਣੀ ਵਧਣ ਦੀ ਆਸ ਹੈ।
ਭਾਖੜਾ ਤੋਂ ਛੱਡਿਆ ਜਾ ਰਿਹਾ 52,663 ਕਿਊਸੈਕ ਪਾਣੀ
ਭਾਖੜਾ ਡੈਮ ਤੋਂ ਟਰਬਾਈਨਾਂ ਅਤੇ ਫਲੱਡ ਗੇਟਾਂ ਰਾਹੀਂ 52,663 ਕਿਊਸੈਕ ਪਾਣੀ ਛੱਡਿਆ ਜਾ ਰਿਹਾ ਹੈ। ਨੰਗਲ ਡੈਮ ਤੋਂ ਵੀ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਨੰਗਲ ਡੈਮ ਤੋਂ ਪਾਣੀ ਛੱਡਣ ਤੋਂ ਬਾਅਦ ਹਾਈਡਲ ਨਹਿਰ ਵਿੱਚ 12,500 ਕਿਊਸੈਕ, ਆਨੰਦਪੁਰ ਹਾਈਡਲ ਨਹਿਰ ਵਿੱਚ 10,150 ਕਿਊਸੈਕ ਅਤੇ ਸਤਲੁਜ ਦਰਿਆ ਵਿੱਚ 30,550 ਕਿਊਸੈਕ ਪਾਣੀ ਵਹਿ ਰਿਹਾ ਹੈ।
ਸੁਖਨਾ ਲੇਕ ਦੇ ਦੋ ਫਲੱਡ ਗੇਟ ਖੋਲ੍ਹੇ ਗਏ
ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਦੋ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ। ਇਸ ਤੋਂ ਬਾਅਦ ਪਟਿਆਲਾ ਦੇ ਉਂਤਸਰ, ਨੰਹੇੜੀ, ਸੰਜਰਪੁਰ, ਲਛਰੂ, ਕਮਾਲਪੁਰ, ਰਾਮਪੁਰ, ਸੌਂਤਾ, ਮਾਰੂ, ਚਮਰੂ, ਭਸਮਰਾ, ਜਲਾਹ ਖੇੜੀ, ਰਾਜੂ ਖੇੜੀ, ਹਦਾਨਾ, ਪੁਰ, ਸਿਰਕਪੜਾ ਵਿੱਚ ਲੋਕਾਂ ਨੂੰ ਸੁਚੇਤ ਰਹਿਣ ਦੀ ਹਦਾਇਤ ਦਿੱਤੀ ਗਈ ਹੈ।