ਚੰਡੀਗੜ੍ਹ : ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਖਹਿਰਾ ਨੇ ਅੱਜ 'ਆਮ ਆਦਮੀ ਪਾਰਟੀ' ਦੇ ਸੰਸਦ ਮੈਂਬਰ ਤੇ ਵਾਤਾਵਰਣ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ 'ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਕਪੂਰਥਲਾ ਜ਼ਿਲ੍ਹੇ ਦੇ ਦੋ ਪਿੰਡਾਂ ਦੀ 21 ਏਕੜ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਕੀਤਾ ਹੋਇਆ ਹੈ। ਖਹਿਰਾ ਨੇ ਕਿਹਾ ਹੈ ਕਿ ਸੀਚੇਵਾਲ ਨੇ ਇਸ ਜ਼ਮੀਨ 'ਤੇ ਗੈਰ ਕਾਸ਼ਤਕਾਰ ਵਜੋਂ ਕਬਜ਼ਾ ਕੀਤਾ ਹੋਇਆ ਹੈ।



ਇਸ ਨਾਲ ਹੀ ਉਨ੍ਹਾਂ 'ਆਮ ਆਦਮੀ ਪਾਰਟੀ' ਦੇ ਇੱਕ ਹੋਰ ਸੰਸਦ ਮੈਂਬਰ ਅਸ਼ੋਕ ਮਿੱਤਲ ’ਤੇ ਵੀ ਗੰਭੀਰ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਹੈ ਕਿ ਅਸ਼ੋਕ ਮਿੱਤਲ ਨੇ ਪਿੰਡ ਦੀ ਪੰਚਾਇਤ ਨੂੰ ਲੱਖਾਂ ਰੁਪਏ ਦੀ ਕੀਮਤ ਵਾਲੀ ਜ਼ਮੀਨ ਦੇ ਕੇ ਉਸ ਦੇ ਬਦਲੇ ਕਰੋੜਾਂ ਰੁਪਏ ਵਾਲੀ ਜ਼ਮੀਨ ਲਵਲੀ ਯੂਨੀਵਰਸਿਟੀ ਲਈ ਤਬਦੀਲ ਕਰ ਲਈ ਹੈ। ਉਨ੍ਹਾਂ ਕਿਹਾ ਕਿ ਜੋ ਜ਼ਮੀਨ ਪੰਚਾਇਤ ਨੂੰ ਦਿੱਤੀ ਗਈ ਹੈ ਉਹ ਬਿਲਕੁੱਲ ਬੇਕਾਰ ਸੀ।



ਖਹਿਰਾ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਨੇ ਵੀ ਇਸ ਗੱਲ 'ਤੇ ਸਹਿਮਤੀ ਨਹੀਂ ਜਤਾਈ ਸੀ। ਜਦੋਂ ਇਹ ਜ਼ਮੀਨ ਲਵਲੀ ਯੂਨੀਵਰਸਿਟੀ ਨੂੰ ਦਿੱਤੀ ਗਈ ਤਾਂ ਯੂਨੀਵਰਸਿਟੀ ਨੇ ਪਹਿਲਾਂ ਉਸ ਜ਼ਮੀਨ 'ਤੇ ਕਬਜ਼ਾ ਕਰਕੇ ਇਮਾਰਤ ਦੀ ਉਸਾਰੀ ਕੀਤੀ ਤੇ ਉਸ ਤੋਂ ਬਾਅਦ ਜ਼ਮੀਨ ਦੇ ਤਬਾਦਲੇ ਦੇ ਕਾਗਜ਼ ਤਿਆਰ ਕਰਵਾਏ।


 


ਇਸ ਦੇ ਨਾਲ ਹੀ ਖਹਿਰਾ (Sukhpal Singh Khaira) ਨੇ ਪੰਜਾਬ ਸਰਕਾਰ (Punjab Govt) ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਹਵਾਈ ਸਫਰ ਦੇ ਖਰਚੇ ਬਾਰੇ ਜਾਣਕਾਰੀ ਨਾ ਦੇਣਾ ਗਲਤ ਹੈ। ਉਨ੍ਹਾਂ ਕਿਹਾ ਕਿ ਆਰਟੀਆਈ ਐਕਟ ਦੇਸ਼ ਦੀ ਪਾਰਲੀਮੈਂਟ ਨੇ ਪਾਸ ਕੀਤਾ ਸੀ। ਆਰਟੀਆਈ ਤਹਿਤ ਜਾਣਕਾਰੀ ਨਾ ਦੇਣਾ ਇਸ ਕਾਨੂੰਨ ਦੀ ਉਲੰਘਣਾ ਹੈ। ਸਰਕਾਰ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਸਰਕਾਰ ਕਈ ਮੁੱਦਿਆਂ 'ਤੇ ਜਾਣਕਾਰੀ ਦੇਣ ਤੋਂ ਟਾਲਾ ਵੱਟ ਰਹੀ ਹੈ ਤੇ ਸੁਰੱਖਿਆ ਦਾ ਹਵਾਲਾ ਦੇ ਰਹੀ ਹੈ। ਉਨ੍ਹਾਂ ਸੁਰੱਖਿਆ ਦਾ ਕਾਰਨ ਦੱਸ ਕੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ, ਪਰ ਅਸੀਂ ਇਹ ਜਾਣਕਾਰੀ ਲੈ ਕੇ ਰਹਾਂਗੇ ਕਿ ਹਵਾਈ ਯਾਤਰਾ 'ਤੇ ਕਿੰਨਾ ਖਰਚ ਹੋਇਆ ਹੈ।