ਜਲੰਧਰ : ਕਾਂਗਰਸੀ ਲੀਡਰਾਂ 'ਤੇ ਪੈਸੇ ਲੈ ਕੇ ਟਿਕਟ ਵੰਡਣ ਦਾ ਇਲਜ਼ਾਮ ਲਾਉਣਾ ਆਮ ਆਦਮੀ ਪਾਰਟੀ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਨੂੰ ਮਹਿੰਗਾ ਪੈ ਸਕਦਾ ਹੈ। ਦਰਅਸਲ ਭੁਲੱਥ ਤੋਂ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਕੁਲਵਿੰਦਰ ਸਿੰਘ ਬੱਬਲ ਨੇ ਦਾਅਵਾ ਕੀਤਾ ਹੈ ਕਿ ਪਿਛਲੀਆਂ ਚੋਣਾਂ ਵਿੱਚ ਸੁਖਪਾਲ ਖਹਿਰਾ ਨੇ ਉਸ ਦੇ ਪਰਿਵਾਰ ਤੋਂ 10 ਹਜ਼ਾਰ ਡਾਲਰ ਲਏ ਸਨ।

 

 

 

ਆਮ ਆਦਮੀ ਪਾਰਟੀ ਦੇ ਲੀਡਰ ਖਹਿਰਾ ਨੇ ਇਲਜ਼ਾਮ ਲਾਏ ਸਨ ਕਿ ਕੈਪਟਨ ਅਮਰਿੰਦਰ ਨੇ ਪੈਸੇ ਲੈ ਕੇ ਬੱਬਲ ਨੂੰ ਟਿਕਟ ਦੇਣੀ ਹੈ। ਇਸ ਦੇ ਜਵਾਬ ਵਿੱਚ ਬੱਬਲ ਨੇ ਕਿਹਾ ਕਿ ਜਾਂ ਤਾਂ ਖਹਿਰਾ ਇਸ ਦਾ ਸਬੂਤ ਪੇਸ਼ ਕਰਨ ਜਾਂ ਫਿਰ ਕੈਪਟਨ ਤੇ ਮੇਰੇ ਪਰਿਵਾਰ ਤੋਂ ਮਾਫੀ ਮੰਗਣ। ਬੱਬਲ ਨੇ ਕਿਹਾ ਕਿ ਜੇਕਰ ਖਹਿਰਾ 10 ਦਿਨ ਵਿੱਚ ਅਜਿਹਾ ਨਹੀਂ ਕਰਦੇ ਤਾਂ ਕੋਰਟ ਦਾ ਸਹਾਰਾ ਲੈਣਗੇ। ਬੱਬਲ ਨੇ ਇਹ ਵੀ ਕਿਹਾ ਕਿ ਜੇਕਰ ਖਹਿਰਾ ਸਬੂਤ ਪੇਸ਼ ਕਰਨਗੇ ਤਾਂ ਉਹ ਆਪਣੀ ਦਾਅਵੇਦਾਰੀ ਵਾਪਸ ਲੈਣਗੇ। ਉਨ੍ਹਾਂ ਇਲਜ਼ਾਮ ਲਾਏ ਹਨ ਕਿ ਖਹਿਰਾ ਪਾਰਟੀ ਫੰਡ ਦੇ ਨਾਮ 'ਤੇ ਨਿਊਜਰਸੀ ਤੋਂ ਪੈਸੇ ਲਿਆਂਦੇ ਰਹੇ ਹਨ।

 

 

 

 

ਕੁਲਵਿੰਦਰ ਸਿੰਘ ਬੱਬਲ ਨੇ ਕਿਹਾ ਕਿ ਖਹਿਰਾ ਜਦੋਂ ਕਾਂਗਰਸ ਵਿੱਚ ਸਨ ਤਾਂ ਪਾਰਟੀ ਫੰਡ ਦੇ ਨਾਮ 'ਤੇ ਉਨ੍ਹਾਂ ਦੇ ਪਰਿਵਾਰ ਤੋਂ 10,000 ਡਾਲਰ ਬਿਨ੍ਹਾਂ ਕੋਈ ਪਰਚੀ ਦਿੱਤੇ ਲਏ ਸਨ। ਬੱਬਲ ਨੇ ਉਹ ਤਸਵੀਰਾਂ ਵੀ ਦਿਖਾਈਆਂ ਜਿਸ ਵਿੱਚ ਖਹਿਰਾ ਉਨ੍ਹਾਂ ਦੇ ਪਰਿਵਾਰ ਦੇ ਨਾਲ ਖੜ੍ਹਾ ਹੈ। ਬੱਬਲ ਨੇ ਕਿਹਾ ਕਿ ਕੈਪਟਨ ਜੋ ਕਹਿੰਦੇ ਹਨ ਕਿ ਖਹਿਰਾ ਵਿਦੇਸ਼ਾਂ ਵਿੱਚ ਜਾ ਕੇ ਪੈਸੇ ਲਿਆਂਦੇ ਰਹੇ ਹਨ। ਉਹ ਬਿਲਕੁੱਲ ਸੱਚ ਹੈ। ਮੈਂ ਇਸ ਦਾ ਸਬੂਤ ਹਾਂ। ਚਾਰ ਵਾਰ ਖਹਿਰਾ ਪੈਸਿਆਂ ਲਈ ਮੇਰੇ ਘਰ ਆ ਚੁੱਕੇ ਹਨ।