‘ਆਪ’ ’ਚ ਖਿੱਚੋਤਾਣ ਹੋਰ ਤੇਜ਼, ਖਹਿਰਾ ਅੱਜ ਵਿਖਾਉਣਗੇ ਆਪਣੀ ਤਾਕਤ !
ਏਬੀਪੀ ਸਾਂਝਾ | 24 Jul 2018 01:19 PM (IST)
ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵਿੱਚ ਰੱਸਾਕੱਸੀ ਹੋਰ ਤੇਜ਼ ਹੋ ਗਈ ਹੈ। ‘ਆਪ’ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਪਾਰਟੀ ਅੰਦਰ ਚੱਲ ਰਹੇ ਵਿਰੋਧ ਨੂੰ ਦਬਾਉਣ ਲਈ ਅੱਜ ਵਿਧਾਇਕਾਂ ਦੀ ਬੈਠਕ ਬੁਲਾਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਖਹਿਰਾ ਇਹ ਦੱਸਣਾ ਚਾਹੁੰਦੇ ਹਨ ਕਿ ਉਹ ਪਾਰਟੀ ਵਿੱਚ ਅਜੇ ਕਮਜ਼ੋਰ ਨਹੀਂ ਹੋਏ। ਸੂਤਰਾਂ ਮੁਤਾਬਕ ਖਹਿਰਾ ਵੱਲੋਂ ਬੈਠਕ ਬੁਲਾਏ ਜਾਣ ਬਾਅਦ ਹਾਈਕਮਾਨ ਦੀਆਂ ਨਜ਼ਰਾਂ ਇਸ ਗੱਲ ’ਤੇ ਟਿਕੀਆਂ ਹਨ ਕਿ ਬੈਠਕ ਵਿੱਚ ਕਿੰਨੇ ਵਿਧਾਇਕ ਸ਼ਾਮਲ ਹੁੰਦੇ ਹਨ। ਬੈਠਕ ਦਾ ਏਜੰਡਾ ਸੂਬਾ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਤੇ ਖਹਿਰਾ ਦੀ ਖਿਲਾਫਤ ਕਰਨ ਵਾਲਿਆਂ ਸਬੰਧੀ ਰੱਖਿਆ ਗਿਆ ਹੈ। ਯਾਦ ਰਹੇ ਕਿ ਬਲਬੀਰ ਸਿੰਘ ਨੇ ਇਲਜ਼ਾਮ ਲਾਇਆ ਸੀ ਕਿ ਖਹਿਰਾ ਹੁਣ ਪੈਸੇ ਲੈਣ ਲੱਗੇ ਹਨ। ਇਸ ਦਾ ਖੁਲਾਸਾ ਖੁਦ ਖਹਿਰਾ ਨੇ ਬੀਤੇ ਹਫਤੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਕੇ ਕੀਤਾ ਸੀ। ਖਹਿਰਾ ਨੇ ਬਲਬੀਰ ਸਿੰਘ ’ਤੇ ਸਿੱਧਾ ਇਲਜ਼ਾਮ ਲਾਇਆ ਸੀ ਕਿ ਉਨ੍ਹਾਂ ਨੂੰ ਕੁਝ ਪਾਰਟੀ ਵਰਕਰਾਂ ਇਹ ਗੱਲ ਕਹੀ ਹੈ ਕਿ ਉਹ ਪੈਸੇ ਲੈਣ ਲੱਗ ਪਏ ਹਨ। ਆਪਣੀ ਸਫਾਈ ਵਿੱਚ ਖਹਿਰਾ ਨੇ ਕਿਹਾ ਕਿ ਉਹ ਪਟਿਆਲਾ ਗਏ ਸੀ। ਇੱਕ ਪਾਰਟੀ ਵਰਕਰ ਦੀ ਰਿਹਾਇਸ਼ ’ਤੇ ਪਾਰਟੀ ਦੇ ਕੁਝ ਲੀਡਰਾਂ ਨਾਲ ਮਿਲੇ ਵੀ ਸੀ। ਇੱਕ ਲੀਡਰ ਨੇ ਉਨ੍ਹਾਂ ਨੂੰ ਆਪਣੀ ਭੈਣ ਦੇ ਵਿਆਹ ਦਾ ਕਾਰਡ ਦਿੱਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕਿਸੇ ਨੇ ਕੁਝ ਨਹੀਂ ਦਿੱਤਾ। ਖਹਿਰਾ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਦਿੱਲੀ ਹਾਈਕਮਾਨ ਵਿੱਚ ਉਨ੍ਹਾਂ ਦੀ ਪਹੁੰਚ ਕਮਜ਼ੋਰ ਹੈ। ਇਸੇ ਲਈ ਉਨ੍ਹਾਂ ਤਾਜ਼ਾ ਮਾਮਲੇ ਸਬੰਧੀ ਪਾਰਟੀ ਦੇ ਵਿਧਾਇਕਾਂ ਦੀ ਮੀਟਿੰਗ ਬੁਲਾਈ ਹੈ। ਬੈਠਕ ਵਿਧਾਨ ਸਭਾ ਵਿੱਚ ਪਾਰਟੀ ਦੇ ਦਫਤਰ ’ਚ ਕੀਤੀ ਜਾਏਗੀ।