Punjab News:  ਜਲੰਧਰ ਕੇਂਦਰੀ ਤੋਂ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਵਿਜੀਲੈਂਸ ਟੀਮ ਨੇ ਸਵੇਰੇ 8.45 ਵਜੇ ਅਸ਼ੋਕ ਨਗਰ ਸਥਿਤ ਅਰੋੜਾ ਦੇ ਘਰ ਛਾਪਾ ਮਾਰਿਆ। ਜਦੋਂ ਵਿਜੀਲੈਂਸ ਟੀਮ ਪਹੁੰਚੀ ਵਿਧਾਇਕ ਅਰੋੜਾ ਕਿਤੇ ਜਾ ਰਹੇ ਸਨ।

ਵਿਜੀਲੈਂਸ ਨੇ ਉਸਨੂੰ ਉਸਦੇ ਘਰ ਦੇ ਨੇੜਿਓਂ ਹਿਰਾਸਤ ਵਿੱਚ ਲਿਆ ਸੀ। ਇਸ ਤੋਂ ਬਾਅਦ ਟੀਮ ਉਸਨੂੰ ਘਰ ਲੈ ਗਈ ਜਿਸ ਤੋਂ ਬਾਅਦ ਅੰਦਰ ਤਲਾਸ਼ੀ ਲਈ ਗਈ। ਠੋਸ ਸਬੂਤ ਮਿਲਣ ਤੋਂ ਬਾਅਦ ਵਿਧਾਇਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਇਸ ਨੂੰ ਆਮ ਆਦਮੀ ਪਾਰਟੀ ਦਾ ਸਟੰਟ ਦੱਸਿਆ ਜਾ ਰਿਹਾ ਹੈ।

ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਦੀ ਗ੍ਰਿਫ਼ਤਾਰੀ ਡਾ. ਵਿਜੇ ਸਿੰਗਲਾ ਵਾਂਗ ਹੀ ਅੱਖਾਂ ਵਿੱਚ ਧੋਖਾ ਹੈ, ਜਿਨ੍ਹਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਭਗਵੰਤ ਮਾਨਦੇ ਪੂਰੇ ਆਸ਼ੀਰਵਾਦ ਨਾਲ ਉਹ ਅਜੇ ਵੀ ਮਾਨਸਾ ਦੇ ਵਿਧਾਇਕ ਹਨ।

ਇਹ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਤੋਂ ਪਹਿਲਾਂ ਦਾ ਸਟੰਟ ਦੁਹਰਾਇਆ ਗਿਆ ਹੈ ਜਿਵੇਂ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ ਡਾ. ਵਿਜੇ ਸਿੰਗਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ! ਤੁਸੀਂ ਜਲਦੀ ਹੀ 'ਆਪ' ਆਗੂਆਂ ਨੂੰ ਰਮਨ ਅਰੋੜਾ ਨਾਲ ਨੱਚਦੇ ਹੋਏ ਦੇਖੋਗੇ।

ਜ਼ਿਕਰ ਕਰ ਦਈਏ ਕਿ ਵਿਧਾਇਕ ਦਾ ਮਾਮਲਾ ਕੁਝ ਦਿਨ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਏਟੀਪੀ ਨਾਲ ਸਬੰਧਤ ਹੈ। ਸਰਕਾਰੀ ਬੁਲਾਰੇ ਅਨੁਸਾਰ, ਵਿਧਾਇਕ ਨੇ ਜਲੰਧਰ ਨਗਰ ਨਿਗਮ ਰਾਹੀਂ ਲੋਕਾਂ ਨੂੰ ਨੋਟਿਸ ਭੇਜੇ ਤੇ ਫਿਰ ਪੈਸੇ ਲੈ ਕੇ ਨੋਟਿਸ ਖਾਰਜ ਕਰਵਾ ਦਿੱਤੇ। ਇਸ ਮਾਮਲੇ ਵਿੱਚ ਐਫਆਈਆਰ ਵੀ ਦਰਜ ਕੀਤੀ ਗਈ ਹੈ।ਅਰੋੜਾ ਵਿਰੁੱਧ ਕਾਰਵਾਈ ਦੀਆਂ ਤਿਆਰੀਆਂ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਸਨ। ਕੁਝ ਦਿਨ ਪਹਿਲਾਂ ਅਰੋੜਾ ਦੀ ਸੁਰੱਖਿਆ ਵਾਪਸ ਲੈ ਲਈ ਗਈ ਸੀ।

ਅਰੋੜਾ ਨੇ ਖੁਦ ਸੁਰੱਖਿਆ ਹਟਾਉਣ ਦੀ ਪੁਸ਼ਟੀ ਕੀਤੀ ਸੀ। ਸੁਰੱਖਿਆ ਹਟਾਏ ਜਾਣ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਚਰਚਾ ਸੀ ਕਿ ਸਰਕਾਰ ਜਲਦੀ ਹੀ ਰਮਨ ਅਰੋੜਾ ਖ਼ਿਲਾਫ਼ ਕਾਰਵਾਈ ਕਰ ਸਕਦੀ ਹੈ ਫਿਰ ਰਮਨ ਅਰੋੜਾ ਨੇ ਕਿਹਾ ਸੀ- ਮੈਨੂੰ ਨਹੀਂ ਪਤਾ ਕਿ ਸੁਰੱਖਿਆ ਕਿਉਂ ਹਟਾਈ ਗਈ, ਪਰ ਮੈਂ ਆਮ ਆਦਮੀ ਪਾਰਟੀ ਦਾ ਇੱਕ ਇਮਾਨਦਾਰ ਨੇਤਾ ਹਾਂ। ਸਰਕਾਰ ਨੇ ਜੋ ਵੀ ਫੈਸਲਾ ਲਿਆ ਹੈ, ਮੈਂ ਉਸਨੂੰ ਸਵੀਕਾਰ ਕਰਦਾ ਹਾਂ।