ਸੰਗਰੂਰ: ਪੰਜਾਬ ਵਿੱਚ ਇਸ ਸਮੇਂ ਸਿਆਸੀ ਉਥਲ-ਪੁਥਲ ਜਾਰੀ ਹੈ। ਨਵੇਂ ਅਕਾਲੀ ਦਲ ਦੇ ਐਲਾਨ ਮਗਰੋਂ ਆਪਣੇ ਹਮ-ਖਿਆਲੀ ਨੇਤਾਵਾਂ ਨੂੰ ਸ਼ਾਮਲ ਹੋਣ ਦਾ ਸੱਦਾ ਦੇਣ ਵਾਲੇ ਟਕਸਾਲੀਆਂ ਨੂੰ ਸੁਖਪਾਲ ਖਹਿਰਾ ਨੇ ਝਟਕਾ ਦੇ ਦਿੱਤਾ ਹੈ। ਟਕਸਾਲੀਆਂ ਨਾਲ ਖਹਿਰਾ ਦੀ ਦਾਲ ਗਲਦੀ ਨਜ਼ਰ ਨਹੀਂ ਆ ਰਹੀ। ਅੱਜ ਖਹਿਰਾ ਨੇ ਇਸ ਨਵੇਂ ਅਕਾਲੀ ਦਲ ਦੇ ਗਠਨ 'ਤੇ ਬੇਪ੍ਰਵਾਹੀ ਜ਼ਾਹਰ ਕਰਦਿਆਂ ਦੂਰੋਂ ਹੀ ਟਕਸਾਲੀਆਂ ਦਾ ਧੰਨਵਾਦ ਕਰ ਦਿੱਤਾ।

ਆਮ ਆਦਮੀ ਪਾਰਟੀ ਵਿੱਚੋਂ ਮੁਅੱਤਲ ਵਿਧਾਇਕ ਸੁਖਪਾਲ ਖਹਿਰਾ ਨੇ ਟਕਸਾਲੀਆਂ ਵੱਲੋਂ ਨਵੇਂ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੇ ਸੱਦੇ 'ਤੇ ਕਿਹਾ ਕਿ ਉਨ੍ਹਾਂ ਦਾ ਧੰਨਵਾਦ, ਪਰ ਕਈ ਅਕਾਲੀ ਦਲ ਬਣੇ ਤੇ ਕਈ ਟੁੱਟ ਗਏ। ਖਹਿਰਾ ਨੇ ਇਹ ਵੀ ਕਿਹਾ ਕਿ ਜੇਕਰ ਉਹ ਹਮਖ਼ਿਆਲੀ ਦੱਸਦੇ ਹਨ ਤਾਂ ਨਵੀਂ ਪਾਰਟੀ ਦੇ ਐਲਾਨ ਤੋਂ ਪਹਿਲਾਂ ਉਨ੍ਹਾਂ ਹਮਖ਼ਿਆਲੀਆਂ ਨਾਲ ਸਲਾਹ ਜ਼ਰੂਰ ਕਰਨੀ ਚਾਹੀਦੀ ਸੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਟਕਸਾਲੀ ਤੇ ਖਹਿਰਾ ਵੀ ਇੱਕ-ਦੂਜੇ ਦੇ ਕਾਫੀ ਨੇੜੇ ਸਨ। ਨਵੀਂ ਪਾਰਟੀ ਦੇ ਗਠਨ ਤੋਂ ਪਹਿਲਾਂ ਦੋਵਾਂ ਦਰਮਿਆਨ ਮੀਟਿੰਗਾਂ ਵੀ ਹੋਈਆਂ ਸਨ, ਪਰ ਅੱਜ ਖਹਿਰਾ ਦੇ ਤੇਵਰ ਕੁਝ ਬਦਲੇ ਹੋਏ ਵਿਖਾਈ ਦਿੱਤੇ ਹਨ।