ਪੰਜਾਬ ਸਰਕਾਰ ਚਾਲੂ ਵਿੱਤੀ ਸਾਲ 2025-26 ਦੀ ਦੂਜੀ ਤਿਮਾਹੀ ’ਚ 8500 ਕਰੋੜ ਦਾ ਕਰਜ਼ਾ ਚੁੱਕੇਗੀ। ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਨੇ ਸੂਬਾ ਸਰਕਾਰ ਵੱਲੋਂ ਚੁੱਕੇ ਜਾਣ ਵਾਲੇ ਕਰਜ਼ੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਜੁਲਾਈ ਤੋਂ ਸਤੰਬਰ ਤੱਕ ਹਰ ਹਫ਼ਤੇ ਕਰਜ਼ਾ ਚੁੱਕਿਆ ਜਾਣਾ ਹੈ। ਇਸ ਨੂੰ ਲੈ ਕੇ ਹੁਣ ਵਿਰੋਧੀ ਧਿਰਾਂ ਵੱਲੋਂ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕੀਤਾ ਜਾ ਰਿਹਾ ਹੈ।
ਸੁਖਪਾਲ ਖਹਿਰਾ ਨੇ ਕੀ ਕਿਹਾ ?
ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਮੁੱਖ ਮੰਤਰੀ ਭਗਵੰਤ ਮਾਨ ਅਕਸਰ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਮਜ਼ਾਕ ਉਡਾਉਂਦੇ ਸਨ ਕਿਉਂਕਿ ਉਹ ਕਹਿੰਦੇ ਸਨ ਕਿ ਪੰਜਾਬ ਕਰਜ਼ੇ ਹੇਠ ਹੈ ਤੇ ਖਜ਼ਾਨੇ ਵਿੱਚ ਕੋਈ ਪੈਸਾ ਨਹੀਂ ਹੈ! ਹੁਣ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਉੱਤੇ ਹੋਰ ਵੀ ਕਰਜ਼ਾ ਵਧਾ ਰਹੀ ਹੈ ਤਾਂ ਕੀ ਹੁਣ ਖਜ਼ਾਨਾ ਖਾਲੀ ਨਹੀਂ ਹੈ ?
ਪਰਗਟ ਸਿੰਘ ਨੇ ਵੀ ਚੁੱਕੇ ਸਵਾਲ
ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, Bhagwant Mann ਸਰਕਾਰ ਪੰਜਾਬ ਦੇ ਅਸਲ ਮਸਲਿਆਂ ਤੋਂ ਧਿਆਨ ਹਟਾ ਕੇ ਚੁੱਪਚਾਪ ਪੰਜਾਬ ਨੂੰ ਕਰਜ਼ੇ ਵਿੱਚ ਹੋਰ ਡੁੱਬੋ ਰਹੀ ਹੈ। ਜੁਲਾਈ ਤੋਂ ਸਤੰਬਰ ਤੱਕ ਭਗਵੰਤ ਮਾਨ ਸਰਕਾਰ ₹8,500 ਕਰੋੜ ਦਾ ਕਰਜ਼ਾ ਚੁੱਕਣ ਦੀ ਤਿਆਰੀ 'ਚ ਹੈ — ਮਤਲਬ ਹਰ ਰੋਜ਼ ₹92 ਕਰੋੜ ਦਾ ਕਰਜ਼ਾ! ਹਰ ਹਫ਼ਤੇ ₹500 ਤੋਂ ₹1500 ਕਰੋੜ ਤੱਕ ਨਵਾਂ ਕਰਜ਼ਾ ਲਿਆ ਜਾਵੇਗਾ। Arvind Kejriwal ਪੰਜਾਬੀਆਂ ਨੂੰ ਇਹ ਵੀ ਦੱਸਣ — ਕਿ ਹਰ ਸਾਲ 54,000 ਕਰੋੜ ਰੁਪਏ 'ਗੈਰ ਕਾਨੂੰਨੀ ਮਾਈਨਿੰਗ' ਅਤੇ 'ਭ੍ਰਿਸ਼ਟਾਚਾਰ ਰੋਕਣ' ਦੀ ਗਾਰੰਟੀ ਨਾਲ ਖ਼ਜ਼ਾਨੇ ਵਿੱਚ ਲਿਆਉਣ ਵਾਲਾ ਜੁਮਲਾ ਕਿੱਥੇ ਗਿਆ?
ਕਿੰਨਾ ਲਿਆ ਜਾਵੇਗਾ ਕਰਜ਼ਾ
ਜਾਣਕਾਰੀ ਅਨੁਸਾਰ, ਇਕੱਲੇ ਜੁਲਾਈ ਮਹੀਨੇ ’ਚ ਦੋ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ ਜਾਵੇਗਾ ਜਦਕਿ ਅਗਸਤ ਮਹੀਨੇ ਤਿੰਨ ਹਜ਼ਾਰ ਕਰੋੜ ਦਾ ਉਧਾਰ ਚੁੱਕਿਆ ਜਾਣਾ ਹੈ। ਸਤੰਬਰ ਮਹੀਨੇ ਵਿੱਚ 3500 ਕਰੋੜ ਰੁਪਏ ਕਰਜ਼ਾ ਲਿਆ ਜਾਣਾ ਹੈ। ਇਨ੍ਹਾਂ ਤਿੰਨ ਮਹੀਨਿਆਂ ਵਿੱਚ ਹਰ ਹਫ਼ਤੇ ਪੰਜ ਸੌ ਕਰੋੜ ਤੋਂ 1500 ਕਰੋੜ ਰੁਪਏ ਦਾ ਤੱਕ ਦਾ ਕਰਜ਼ਾ ਲਿਆ ਜਾਵੇਗਾ।