Lok Sabha Elections 2024: ਲੋਕ ਸਭ ਹਲਕਾ ਜਲੰਧਰ ਤੋਂ ਬਾਅਦ ਹੁਣ ਸੰਗਰੂਰ ਸੀਟ ਵੀ ਸਿਆਸੀ ਪਾਰਟੀਆਂ ਲਈ ਮੁੱਛ ਦਾ ਸਵਾਲ ਬਣ ਗਈ ਹੈ। ਖਾਸ ਕਰਕੇ ਆਮ ਆਦਮੀ ਪਾਰਟੀ ਲਈ ਸੰਗਰੂਰ ਸੀਟ ਜਿੱਤਣਾ ਇੱਕ ਵੱਡਾ ਚੈਲੰਜ ਹੈ। ਕਿਉਂਕਿ ਸੰਗਰੂਰ ਹਲਕੇ ਨੂੰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਹੈ।
ਸੰਗਰੂਰ ਸੀਟ ਚੈਲੰਜ ਇਸ ਲਈ ਬਣ ਗਈ ਹੈ ਕਿਉਂਕਿ ਪਹਿਲਾਂ ਹੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਇਹ ਸੀਟ ਹਾਰ ਗਈ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਜਿੱਤ ਹਾਸਲ ਕੀਤੀ ਸੀ। ਹੁਣ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਤੇ ਸਿਆਸੀ ਪਾਰਟੀਆਂ ਦੀ ਨਜ਼ਰ ਵੀ ਸੰਗਰੂਰ ਸੀਟ 'ਤੇ ਹੈ।
ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀ ਜਲੰਧਰ ਰੈਲੀ ਵਿੱਚ ਕਿਹਾ ਸੀ ਸੰਗਰੂਰ ਅਤੇ ਜਲੰਧਰ ਸੀਟ ਨੂੰ ਹਾਰ ਹਾਲ ਵਿੱਚ ਆਮ ਆਦਮੀ ਪਾਰਟੀ ਜਿੱਤਣ ਦੀ ਕੋਸ਼ਿਸ਼ ਕਰੇਗੀ ਅਤੇ ਜਿੱਤੇਗੀ। ਪਰ ਹੁਣ ਇਹ ਮੁਕਾਬਲਾ ਆਸਾਨ ਨਹੀਂ ਰਹਿਣ ਵਾਲਾ। ਕਿਉਂਕਿ ਕਾਂਗਰਸ ਪਾਰਟੀ ਵੀ ਆਪਣੇ ਦਿੱਗਜ਼ ਲੀਡਰ ਨੂੰ ਸੰਗਰੂਰ ਵਿੱਚ ਉਮੀਦਵਾਰ ਬਣਾ ਸਕਦੀ ਹੈ।
'ਦ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਕਾਂਗਰਸ ਪਾਰਟੀ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਸੰਗਰੂਰ ਵਿੱਚ ਚੋਣ ਮੈਦਾਨ 'ਤੇ ਉਤਾਰ ਸਕਦੀ ਹੈ। ਲਗਭਗ ਇਸ ਸੀਟ 'ਤੇ ਖਹਿਰਾ ਦੇ ਨਾਮ 'ਤੇ ਹੀ ਚਰਚਾ ਹੋ ਰਹੀ ਹੈ। ਸੁਖਪਾਲ ਖਹਿਰਾ ਦਾ ਪਲੱਸ ਪੁਆਇੰਟ ਵੀ ਇਹ ਰਹਿਣ ਵਾਲਾ ਹੈ ਕਿ ਮਾਨ ਸਰਕਾਰ ਨੇ ਜਿਹੜਾ ਸਾਲ 2015 'ਚ ਡਰੱਗਜ਼ ਕੇਸ ਖੋਲ੍ਹਿਆ ਸੀ, ਹੁਣ ਮਾਨ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਕਿਹਾ ਕਿ ਅਸੀਂ ਇਸ ਕੇਸ ਨੂੰ ਅੱਗੇ ਨਹੀਂ ਵਧਾਵਾਂਗੇ।
ਜੇਕਰ ਖਹਿਰਾ ਸੰਗਰੂਰ ਤੋਂ ਚੋਣ ਲੜਦੇ ਹਨ ਤਾਂ ਸੁਖਪਾਲ ਖਹਿਰਾ ਇਸ ਮੁੱਦੇ 'ਤੇ ਫੋਕਸ ਰੱਖ ਕੇ ਜਿੱਤਣ ਦੀ ਕੋਸ਼ਿਸ਼ ਕਰਨਗੇ। ਦੂਜੇ ਪਾਸੇ ਅਕਾਲੀ ਦਲ ਲਈ ਵੀ ਇਹ ਸੀਟ ਕਾਫ਼ੀ ਮਾਇਨੇ ਰੱਖਦੀ ਹੈ। ਅਕਾਲੀ ਦਲ ਇੱਥੋਂ ਪਰਮਿੰਦਰ ਸਿੰਘ ਢੀਂਡਸਾ ਨੂੰ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ। ਹਲਾਂਕਿ ਆਮ ਆਦਮੀ ਪਾਰਟੀ ਨੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਚੋਣ ਮੈਦਾਨ 'ਚ ਉਤਾਰਿਆ ਹੋਇਆ ਹੈ। ਮੀਤ ਹੇਅਰ ਕੈਬਨਿਟ ਦਾ ਚਿਹਰਾ ਹੋਣ ਕਰਕੇ ਵੋਟਰਾਂ ਨੂੰ ਖਿੱਚ ਸਕਦੇ ਹਨ।