ਚੰਡੀਗੜ੍ਹ: ਦੋ ਦਿਨ ਪਹਿਲਾਂ ਹੋਂਦ ਵਿੱਚ ਆਈ 'ਪੰਜਾਬੀ ਏਕਤਾ ਪਾਰਟੀ' ਦੇ ਪ੍ਰਧਾਨ ਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਥੰਮ੍ਹ ਕਹੇ ਜਾਂਦੇ ਸੰਸਦ ਮੈਂਬਰ ਭਗਵੰਤ ਮਾਨ ਵਿਰੁੱਧ ਹੀ ਚੋਣ ਲੜਨ ਦਾ ਮਨ ਬਣਾ ਲਿਆ ਹੈ। 'ਏਬੀਪੀ ਸਾਂਝਾ' ਨਾਲ ਖ਼ਾਸ ਗੱਲਬਾਤ ਦੌਰਾਨ ਸੁਖਪਾਲ ਖਹਿਰਾ ਨੇ ਕਿਹਾ ਕਿ ਉਹ ਬਠਿੰਡਾ ਜਾਂ ਸੰਗਰੂਰ ਤੋਂ ਲੋਕ ਸਭਾ ਚੋਣ ਲੜਨਗੇ। ਇਸ ਦੇ ਨਾਲ ਹੀ ਉਨ੍ਹਾਂ ਆਪਣੀ ਮਾਤ-ਪਾਰਟੀ ਕਾਂਗਰਸ ਦੀ ਸ਼ਲਾਘਾ ਕਰਦਿਆਂ ਉਸ ਨੂੰ 'ਆਪ' ਨਾਲੋਂ ਬਿਹਤਰ ਦੱਸਿਆ।
ਦੋਵਾਂ ਥਾਵਾਂ 'ਤੇ ਭਗਵੰਤ ਮਾਨ ਤੇ ਹਰਸਿਮਰਤ ਕੌਰ ਬਾਦਲ ਜਿਹੇ ਵੱਡੇ ਚਿਹਰੇ ਹਨ ਤੇ ਖਹਿਰਾ ਨੇ ਦੋਵਾਂ ਵਿੱਚੋਂ ਕਿਸੇ ਇੱਕ ਨੂੰ ਚੁਣੌਤੀ ਦੇਣ ਦਾ ਮਨ ਬਣਾ ਲਿਆ ਹੈ। 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਖਹਿਰਾ ਨੇ ਕਿਹਾ ਕਿ ਲੋਕ ਕਹਿੰਦੇ ਤਾਕਤਵਰ ਪਰਿਵਾਰ ਖ਼ਿਲਾਫ਼ ਖੜ੍ਹਨਾ ਚਾਹੀਦਾ ਹੈ, ਇਸ ਲਈ ਉਹ ਬਾਦਲ ਪਰਿਵਾਰ ਵਿਰੁੱਧ ਡਟਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਸੰਗਰੂਰ ਤੋਂ ਵੀ ਚੋਣ ਲੜ ਸਕਦੇ ਹਨ।
ਸੁਖਪਾਲ ਖਹਿਰਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਸਾਰੇ ਹਮਖਿਆਲੀ ਇੱਕ ਮੰਚ 'ਤੇ ਹੋਣਗੇ। ਆਪਣੀ ਤੇ ਪਾਰਟੀ ਦੀ ਸਿਆਸੀ ਸਫ਼ਲਤਾ ਬਾਰੇ ਬੋਲਦਿਆਂ ਖਹਿਰਾ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਨੂੰ ਖਹਿਰਾ ਪਸੰਦ ਨਹੀਂ ਆਉਂਦਾ ਪਰ ਪੰਜਾਬ ਦੇ ਲੋਕ ਮੇਰੇ ਨਾਲ ਹਨ, ਇਸ ਲਈ ਉਹ ਆਸਵੰਦ ਹਨ। 'ਆਪ' ਦੇ ਹਮਖਿਆਲੀ ਵਿਧਾਇਕਾਂ ਦੇ ਉਨ੍ਹਾਂ ਨਾਲ ਆਉਣ ਬਾਰੇ ਖਹਿਰਾ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਸਾਡੇ ਵਿਧਾਇਕ ਅਸਤੀਫਾ ਦੇਣ ਤੇ ਵਿਰੋਧੀ ਧਿਰ ਦਾ ਦਰਜਾ ਅਕਾਲੀ ਦਲ ਨੂੰ ਜਾਣ ਦਾ ਮੌਕਾ ਮਿਲੇ।
ਖਹਿਰਾ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਸੰਦਰਭ ਵਿੱਚ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੀ ਮੀਟਿੰਗ ਜਲਦ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਟਕਸਾਲੀ ਕਦੇ ਵੀ 'ਆਪ' ਨਾਲ ਨਹੀਂ ਜਾਣਗੇ ਤੇ ਨਾ ਹੀ ਕੋਈ ਵੀ ਹੋਰ ਪਾਰਟੀ 'ਆਪ' ਨਾਲ ਗੱਠਜੋੜ ਕਰੇਗੀ। ਹਾਲਾਂਕਿ, ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਦਲ ਤੇ ਕਾਂਗਰਸ ਫਿਕਸਡ ਮੈਚ ਖੇਡ ਰਹੀਆਂ ਪਰ ਫਿਰ ਵੀ 'ਆਪ' ਨੂੰ ਮਾੜਾ ਕਿਹਾ।
ਉਨ੍ਹਾਂ ਕਿਹਾ ਕਿ 'ਆਪ' ਨਾਲੋਂ ਕਾਂਗਰਸ 100 ਦਰਜੇ ਚੰਗੀ ਹੈ। ਖਹਿਰਾ ਨੇ ਕਿਹਾ ਕਿ ਕੇਜਰੀਵਾਲ ਦੋਗਲਾ ਇਨਸਾਨ ਪਰ ਰਾਹੁਲ ਗਾਂਧੀ ਚੰਗੇ ਹਨ। ਪੰਜਾਬ ਦੇ ਲੀਡਰਾਂ ਵਿੱਚ ਵੀ ਖਹਿਰਾ ਨੂੰ ਕੈਪਟਨ ਅਮਰਿੰਦਰ ਸਿੰਘ ਹੀ ਪਸੰਦ ਆਏ। ਆਪਣੇ 'ਸੱਜਰੇ ਵਿਰੋਧੀ' ਭਗਵੰਤ ਮਾਨ ਨੂੰ ਖਹਿਰਾ ਚੰਗਾ ਨਹੀਂ ਸਮਝਦੇ ਤੇ ਕਹਿੰਦੇ ਹਨ ਕਿ ਭਗਵੰਤ ਨੂੰ ਤਮੀਜ਼ ਨਹੀਂ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੂੰ ਕਾਂਗਰਸ 'ਚ ਅੱਵਲ ਦਰਜਾ ਮਿਲ ਸਕਦੀ ਹੈ, ਪਰ ਸਿੱਧੂ ਕਿਸੇ ਵੇਲੇ ਵੀ ਸਾਡੇ ਨਾਲ ਆ ਸਕਦੇ ਹਨ।