ਚੰਡੀਗੜ੍ਹ: ਜਸਟਿਸ ਜ਼ੋਰਾ ਸਿੰਘ ਦੇ ਪਾਰਟੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ 'ਤੇ ਬਾਗੀ ਵਿਧਾਇਕ ਸੁਖਪਾਲ ਖਹਿਰਾ ਵੱਲੋਂ ਚੁੱਕੇ ਸਵਾਲਾਂ ਤੋਂ ਪਾਰਟੀ ਔਖੀ ਹੈ। ਪਾਰਟੀ ਨੇ ਚੇਤਾਵਨੀ ਦਿੱਤੀ ਹੈ ਕਿ ਕਿ ਖਹਿਰਾ ਨਾਕਰਾਤਮਕ ਬਿਆਨਬਾਜ਼ੀ ਤੋਂ ਗੁਰੇਜ਼ ਕਰਨ। ਯਾਦ ਰਹੇ ਖਹਿਰਾ ਨੇ ਸਵਾਲ ਚੁੱਕਿਆ ਸੀ ਕਿ ਜਸਟਿਸ ਜ਼ੋਰਾ ਸਿੰਘ ਨੇ ਅਕਾਲੀ ਦਲ ਦੀ ਸਰਕਾਰ ਵੇਲੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਢੁਕਵੀਂ ਰਿਪੋਰਟ ਨਹੀਂ ਸੌਂਪੀ ਸੀ।

ਚੰਡੀਗੜ੍ਹ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਤੇ ਲੀਗਲ ਵਿੰਗ ਦੇ ਸੂਬਾ ਪ੍ਰਧਾਨ ਐਡਵੋਕੇਟ ਜਸਤੇਜ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ। ਜਸਟਿਸ ਜ਼ੋਰਾ ਸਿੰਘ ਵਰਗੇ ਸਾਫ਼ ਅਕਸ ਵਾਲੇ ਲੋਕਾਂ ਦਾ ਪਾਰਟੀ ਵਿੱਚ ਹਮੇਸ਼ਾ ਸਵਾਗਤ ਹੋਵੇਗਾ। ਉਨ੍ਹਾਂ ਕਿਹਾ ਕਿ ਜਸਟਿਸ ਜ਼ੋਰਾ ਸਿੰਘ ਨੇ 35 ਸਾਲ ਨਿਆਂਪਾਲਿਕਾ ਵਿੱਚ ਜ਼ਿੰਮੇਵਾਰੀ ਨਿਭਾਈ ਹੈ। ਉਨ੍ਹਾਂ ਦੇ ਆਉਣ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ।

ਸੁਖਪਾਲ ਖਹਿਰਾ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਉੱਤੇ ਬੋਲਦਿਆਂ ਅਰੋੜਾ ਨੇ ਕਿਹਾ ਕਿ ਇੱਕ ਸਾਫ਼ ਅਕਸ ਵਾਲੇ ਇਨਸਾਨ ਬਾਰੇ ਅਜਿਹੇ ਵਿਚਾਰ ਸਿੱਧ ਕਰਦੇ ਹਨ ਕਿ ਖਹਿਰਾ ਹਮੇਸ਼ਾ ਨਾਕਰਾਮਤਕ ਰਾਜਨੀਤੀ ਕਰਦੇ ਹਨ। ਉਨ੍ਹਾਂ ਕਿਹਾ ਕਿ ਸਮੁੱਚਾ ਪੰਜਾਬ ਇਸ ਗੱਲ ਤੋਂ ਜਾਣੂ ਹੈ ਕਿ ਜਸਟਿਸ ਜ਼ੋਰਾ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਬਹੁਤ ਚੰਗੀ ਰਿਪੋਰਟ ਪੇਸ਼ ਕੀਤੀ ਸੀ। ਇਸੇ ਕਾਰਨ ਹੀ ਬਾਦਲ ਸਰਕਾਰ ਨੇ ਰਿਪੋਰਟ ਤੋਂ ਡਰਦਿਆਂ ਇਸ ਨੂੰ ਕਦੀ ਵੀ ਜਨਤਕ ਨਹੀਂ ਕੀਤਾ।

ਅਰੋੜਾ ਨੇ ਕਿਹਾ ਕਿ ਖਹਿਰਾ ਹਮੇਸ਼ਾ ਤੋਂ ਹੀ ਸਿਰਫ਼ 'ਮੈਂ' ਦੇ ਨਿਯਮ 'ਤੇ ਚੱਲਦੇ ਰਹੇ ਹਨ ਪਰ ਰਾਜਨੀਤੀ ਵਿੱਚ ਪਾਰਟੀ ਵੱਡੀ ਹੁੰਦੀ ਹੈ ਤੇ ਪਾਰਟੀ ਵੱਲੋਂ ਤੈਅ ਨਿਯਮਾਂ ਉੱਤੇ ਚੱਲਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਖਹਿਰਾ ਜਿਸ ਪਾਰਟੀ ਦੀ ਅੱਜ ਨਿੰਦਾ ਕਰ ਰਹੇ ਹਨ, ਉਸੇ ਪਾਰਟੀ ਨੇ ਹੀ ਉਨ੍ਹਾਂ ਨੂੰ ਵਿਧਾਇਕ ਬਣਾ ਕੇ ਵਿਧਾਨ ਸਭਾ ਵਿਚ ਭੇਜਿਆ ਹੈ ਤੇ ਨੇਤਾ ਵਿਰੋਧੀ ਧਿਰ ਦਾ ਅਹੁਦਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪਦ ਤੋਂ ਹਟਾਉਂਦਿਆਂ ਹੀ ਖਹਿਰਾ ਨੇ ਸਾਰੇ ਨਿਯਮਾਂ ਨੂੰ ਛਿੱਕੇ ਟੰਗਦਿਆਂ ਆਪਣੇ ਹੀ ਨੇਤਾਵਾਂ ਖ਼ਿਲਾਫ਼ ਬੋਲਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਖਹਿਰਾ ਦਾ ਪੰਜਾਬ ਪ੍ਰੇਮ ਸਿਰਫ਼ ਕੁਰਸੀ ਖ਼ਾਤਰ ਹੀ ਹੈ।

ਅਰੋੜਾ ਨੇ ਕਿਹਾ ਕਿ 'ਆਪ' ਨੂੰ ਜ਼ੀਰੋ ਕਹਿਣ ਵਾਲੇ ਖਹਿਰਾ ਜਦੋਂ ਆਪਣੀ ਪਾਰਟੀ ਬਣਾਉਣਗੇ ਤਾਂ ਹੀ ਉਨ੍ਹਾਂ ਨੂੰ ਕੁਝ ਕਹਿਣ ਦਾ ਹੱਕ ਹੋਵੇਗਾ। ਉਨ੍ਹਾਂ ਕਿਹਾ ਕਿ ਖਹਿਰਾ ਕਦੀ ਵੀ ਕਿਸੇ ਨਾਲ ਰਲ ਕੇ ਨਹੀਂ ਚੱਲ ਸਕਦੇ। ਇਸੇ ਕਾਰਨ ਹੀ ਉਹ ਜਿਸ ਵੀ ਪਾਰਟੀ ਵਿੱਚ ਰਹੇ ਹਨ, ਉਸੇ ਖ਼ਿਲਾਫ਼ ਹੀ ਬਿਆਨਬਾਜ਼ੀ ਕਰਦੇ ਰਹੇ ਹਨ।