ਭਗਵੰਤ ਮਾਨ ਨੂੰ ਸੁਖਪਾਲ ਖਹਿਰਾ ਧੜੇ ਦਾ ਤਿੱਖਾ ਜਵਾਬ
ਏਬੀਪੀ ਸਾਂਝਾ | 08 Aug 2018 02:11 PM (IST)
ਚੰਡੀਗੜ੍ਹ: ਭਗਵੰਤ ਮਾਨ ਦੀ ਐਂਟਰੀ ਮਗਰੋਂ ਆਮ ਆਦਮੀ ਪਾਰਟੀ ਵਿਚਲੀ ਜੰਗ ਹੋਰ ਤਿੱਖੀ ਹੋ ਗਈ ਹੈ। ਸੁਖਪਾਲ ਖਹਿਰਾ ਧੜੇ ਵੱਲੋਂ ਭਗਵੰਤ ਮਾਨ ਦੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਅੱਜ ਕਈ ਵੱਡੇ ਖੁਲਾਸੇ ਕੀਤੇ ਹਨ। ਖਹਿਰਾ ਨੇ ਕਿਹਾ ਕਿ ਪਾਰਟੀ ਸੁਪੀਰਮੋ ਅਰਵਿੰਦ ਕੇਜਰੀਵਾਲ ਵੱਲ਼ੋਂ ਅਕਾਲੀ ਲੀਡਰ ਬਿਕਰਮ ਮਜੀਠੀਆ ਤੋਂ ਮੁਆਫੀ ਮੰਗਣ ਮਗਰੋਂ ਭਗਵੰਤ ਮਾਨ ਦਾ ਅਸਤੀਫਾ ਇੱਕ ਸਾਜ਼ਿਸ਼ ਸੀ। ਇਸ ਵਿੱਚ ਮਨੀਸ਼ ਸਿਸੋਦੀਆ ਵੀ ਸ਼ਾਮਲ ਸੀ ਜਿਨ੍ਹਾਂ ਨੇ ਖਹਿਰਾ ਦੇ ਘਰ ਇਸ ਦਾ ਖੁਲਾਸਾ ਕੀਤਾ ਸੀ। ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਖੁਦ ਤੀਜੀ ਪਾਰਟੀ ਬਦਲ ਕੇ ਆਮ ਆਦਮੀ ਪਾਰਟੀ ‘ਚ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਉਹ 1997 ਤੋਂ ਪੰਜਾਬ ਦੇ ਹੱਕਾਂ ਲਈ ਲੜਦੇ ਆ ਰਿਹਾ ਹਨ। ਉਨ੍ਹਾਂ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਅਸਤੀਫਾ ਦੇ ਕੇ ਗਾਇਬ ਕਿਉਂ ਹੋਏ ਸੀ। ਖਹਿਰਾ ਨੇ ਕਿਹਾ ਕਿ ਉਨ੍ਹਾਂ ਖਿਲਾਫ ਭੜਾਸ ਕੱਢਣ ਤੋਂ ਬਾਅਦ ਕੀ ਕੇਜਰੀਵਾਲ ਵੱਲੋਂ ਮੰਗੀ ਮਾਫੀ ਵਾਲਾ ਮੁੱਦਾ ਖਤਮ ਹੋ ਗਿਆ ਹੈ। ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਦੇ ਕੰਵਰ ਸੰਧੂ 'ਤੇ ਲਾਏ ਇਲਜ਼ਾਮ ਬੇਬੁਨਿਆਦ ਹਨ। ਸੰਧੂ ਨੇ ਕਦੇ ਵੀ ਵਿਰੋਧੀ ਧਿਰ ਦੇ ਨੇਤਾ ਬਣਨ ਦੀ ਮੰਗ ਨਹੀਂ ਕੀਤੀ ਸੀ। ਉਂਝ ਕੰਵਰ ਸੰਧੂ ਨੇ ਭਗਵੰਤ ਮਾਨ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਆਪਣੇ ਫੈਸਲਿਆਂ ਤੋਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਐਮਐਲਏ ਹੋਸਟਲ ‘ਚ ਲੱਗੇ ਧਰਨੇ ਦੌਰਾਨ ਭਗਵੰਤ ਮਾਨ ਨਾਲ ਪੰਜਾਬ ਦੇ ਹਾਲਾਤ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਮਾਨ ਕੁਝ ਵੀ ਨਹੀਂ ਬੋਲੇ ਸੀ। ਇਸ ਮੌਕੇ ਖਹਿਰਾ ਨੇ ਪਟਿਆਲਾ ਵਿੱਚ ਨੌਜਵਾਨਾਂ 'ਤੇ ਤਸ਼ੱਦਦ ਢਾਹੁਣ ਵਾਲੇ ਪੁਲਿਸ ਕਰਮੀਆਂ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਤੇ ਬਰਗਾੜੀ ਕਾਂਡ ਦੇ ਮਾਮਲੇ 'ਤੇ ਆਮ ਆਦਮੀ ਪਾਰਟੀ ਦੀ ਪੀਏਸੀ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਦੀ ਮੰਗ ਕਰਦੀ ਹੈ।