ਮਾਨਸਾ: ਪੰਜਾਬ ਏਕਤਾ ਪਾਰਟੀ ਦੇ ਮੁਖੀ ਨੇ ਆਪਣੇ ਲੋਕ ਸਭਾ ਚੋਣ ਹਲਕੇ ਬਠਿੰਡਾ ਵਿੱਚ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸੁਖਪਾਲ ਖਹਿਰਾ ਨੇ ਮਾਨਸਾ ਵਿੱਚ ਰੋਡ ਸ਼ੋਅ ਕੀਤਾ ਜੋ ਤਖ਼ਤ ਸ੍ਰੀ ਦਮਦਮਾ ਸਾਹਿਬ ਤਕ ਜਾਵੇਗਾ। ਖਹਿਰਾ ਦੇ ਰੋਡ ਸ਼ੋਅ ਵਿੱਚ ਆਮ ਆਦਮੀ ਪਾਰਟੀ ਦੇ ਬਾਗ਼ੀ ਧੜੇ ਦੇ ਦੋ ਵਿਧਾਇਕ ਵੀ ਸ਼ਾਮਲ ਹੋਏ। ਖਹਿਰਾ ਨੇ ਦੱਸਿਆ ਕਿ ਆਉਂਦੀ 30 ਮਾਰਚ ਨੂੰ ਹਮਖਿਆਲੀ ਪਾਰਟੀਆਂ ਨਾਲ ਬੈਠਕ ਕਰਨਗੇ। ਇਸ ਮਗਰੋਂ ਉਹ ਬਾਕੀ ਦੇ ਉਮੀਦਵਾਰ ਵੀ ਐਲਾਨ ਦੇਣਗੇ।


ਮਾਨਸਾ ਤੋਂ 'ਆਪ' ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਤੇ ਮੌੜ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਸੁਖਪਾਲ ਖਹਿਰਾ ਦੇ ਰੋਡ ਸ਼ੋਅ ਵਿੱਚ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਡਾ. ਧਰਮਵੀਰ ਗਾਂਧੀ ਅਤੇ 'ਆਪ' ਦੇ ਬਠਿੰਡਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਦੀਪਕ ਬਾਂਸਲ ਵੀ ਰੋਡ ਸ਼ੋਅ ਦਾ ਹਿੱਸਾ ਬਣੇ।

ਆਪਣੇ ਰੋਡ ਸ਼ੋਅ ਦੌਰਾਨ ਸੁਖਪਾਲ ਖਹਿਰਾ ਨੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਅਤੇ ਕਾਂਗਰਸ 'ਤੇ ਖ਼ੂਬ ਨਿਸ਼ਾਨੇ ਲਾਏ। ਖਹਿਰਾ ਨੇ ਕਿਹਾ ਕਿ ਰਿਵਾਇਤੀ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਨਾਲ ਵਿਸਾਹਘਾਤ ਕੀਤਾ ਹੈ ਇਸ ਲਈ ਲੋਕ ਤੀਜੇ ਬਦਲ ਨੂੰ ਚੁਣਨਗੇ। ਉਨ੍ਹਾਂ ਕਾਂਗਰਸ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨਸ਼ੇ ਖ਼ਤਮ ਕਰਨ ਦਾ ਦਾਅਵਾ ਕਰਦੇ ਹਨ ਪਰ ਇੱਥੇ ਤਾਂ ਕੁੜੀਆਂ ਤਕ ਨਸ਼ੇ ਦੀ ਗ੍ਰਿਫ਼ਤ ਵਿੱਚ ਹਨ।

ਉਨ੍ਹਾਂ ਆਪਣੇ ਪੁਰਾਣੇ ਸਾਥੀ ਤੇ 'ਆਪ' ਦੇ ਪੰਜਾਬ ਪ੍ਰਧਾਨ ਭਗਵੰਤ ਮਾਨ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਮਾਨ ਜਲਾਲਾਬਾਦ ਸਿਰਫ ਸੁਖਬੀਰ ਬਾਦਲ ਨੂੰ ਜਿਤਾਉਣ ਲਈ ਗਏ ਸਨ ਪਰ ਉਹ ਬਠਿੰਡਾ ਹਰਸਿਮਰਤ ਬਾਦਲ ਨੂੰ ਹਰਾਉਣ ਲਈ ਆਏ ਹਨ। ਖਹਿਰਾ ਨੇ ਜਲੰਧਰ ਤੋਂ 'ਆਪ' ਉਮੀਦਵਾਰ ਜਸਟਿਸ (ਸੇਵਾਮੁਕਤ) ਜ਼ੋਰਾ ਸਿੰਘ ਦੀ ਵੀ ਨੁਕਤਾਚੀਨੀ ਕੀਤੀ।