Punjab News: ਕਾਂਗਰਸ ਦੇ ਸੀਨੀਅਰ ਲੀਡਰ ਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਪੰਜਾਬ ਅੰਦਰ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਨੂੰ ਲੈ ਕੇ ਲਗਤਾਰ ਭਗਵੰਤ ਮਾਨ ਸਰਕਾਰ ਨੂੰ ਘੇਰ ਰਹੇ ਹਨ। ਉਨ੍ਹਾਂ ਨੇ ਸੀਐਮ ਭਗਵੰਤ ਮਾਨ ਨੂੰ ਸਵਾਲ ਕੀਤਾ ਹੈ ਕਿ ਉਹ ਸਾਹਮਣੇ ਕਿਉਂ ਨਹੀਂ ਆ ਰਹੇ। ਇਸ ਸਭ ਮੂਕ ਦਰਸ਼ਕ ਬਣ ਕੇ ਕਿਉਂ ਵੇਖ ਰਹੇ ਹਨ।
ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਕਿਹਾ ਕਿ ਭਗਵੰਤ ਮਾਨ ਲੁੱਕ ਕਿਉਂ ਗਏ ਹਨ? ਆਮ ਤੌਰ 'ਤੇ ਉਹ ਮਾਮੂਲੀ ਮੁੱਦਿਆਂ 'ਤੇ ਲਾਈਵ ਦਿਖਾਈ ਦਿੰਦੇ ਸੀ ਪਰ ਹੁਣ ਜਦੋਂ ਪੰਜਾਬ ਪੂਰੀ ਤਰ੍ਹਾਂ ਸੀਜ਼ ਹੈ ਤੇ ਪੁਲਿਸ ਰਾਜ ਵਿੱਚ ਬਦਲ ਗਿਆ ਹੈ ਤਾਂ ਉਹ ਮੂਕ ਦਰਸ਼ਕ ਬਣ ਬੈਠੇ ਹਨ! ਉਨ੍ਹਾਂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਪੰਜਾਬ ਨੂੰ ਕੌਣ ਚਲਾ ਰਿਹਾ ਹੈ? ਖਾਸ ਤੌਰ 'ਤੇ ਗ੍ਰਹਿ ਵਿਭਾਗ? ਕੀ ਇਹ ਰਣਨੀਤੀ ਸੀਐਮ-ਅਮਿਤ ਸ਼ਾਹ ਦੀ ਮੁਲਾਕਾਤ ਦਾ ਹਿੱਸਾ ਸੀ?
ਦੱਸ ਦਈਏ ਕਿ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਕਾਰਕੁਨਾਂ ਖਿਲਾਫ ਸੁਰੱਖਿਆ ਏਜੰਸੀਆਂ ਦੇ ਵੱਡੇ ਐਕਸ਼ਨ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਖਹਿਰਾ ਤਿੱਖਾ ਨਿਸ਼ਾਨਾ ਸਾਧ ਰਹੇ ਹਨ। ਇੱਕ ਦਿਨ ਪਹਿਲਾਂ ਸੁਖਪਾਲ ਖਹਿਰਾ ਨੇ ਪੰਜਾਬ ਨੂੰ ਪੁਲਿਸ ਰਾਜ ਵਿੱਚ ਤਬਦੀਲ ਕਰਨ ਦੇ ਇਲਜ਼ਾਮ ਲਾਉਂਦਿਆਂ ਕਿਹਾ ਸੀ ਕਿ ਸੀਐਮ ਭਗੰਵਤ ਮਾਨ ਨੇ ਆਪਣੇ ਆਪ ਨੂੰ ਅਯੋਗ ਤੇ ਅਕੁਸ਼ਲ ਸੀਐਮ ਸਾਬਤ ਕੀਤਾ ਹੈ।
ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਕਿਹਾ ਕਿ ਮੈਂ ਦੁਖੀ ਹਾਂ ਕਿ ਭਗਵੰਤ ਮਾਨ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਅਯੋਗ ਤੇ ਅਕੁਸ਼ਲ ਸੀਐਮ ਸਾਬਤ ਕਰਦਿਆਂ ਪੰਜਾਬ ਨੂੰ ਪੁਲਿਸ ਰਾਜ ਵਿੱਚ ਬਦਲ ਦਿੱਤਾ ਹੈ। ਉਹ ਸਾਡੇ ਸਿੱਖ ਨੌਜਵਾਨਾਂ ਨੂੰ ਕੇਂਦਰ ਦੇ ਰਹਿਮੋ-ਕਰਮ 'ਤੇ ਛੱਡ ਕੇ ਯੂਏਪੀਏ ਵਰਗੇ ਕਠੋਰ ਕਾਨੂੰਨਾਂ ਤਹਿਤ ਮੁਕੱਦਮਾ ਚਲਾ ਕੇ ਦੂਰ-ਦੁਰਾਡੇ ਸੂਬਿਆਂ 'ਚ ਭੇਜ ਰਹੇ ਹਨ, ਜਿਸ ਲਈ ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।