Punjab News: ਕਾਂਗਰਸ ਦੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਇੱਕ ਵਾਰ ਮੁੜ ਤੋਂ ਆਮ ਆਦਮੀ ਪਾਰਟੀ ਉੱਤੇ ਨਿਸ਼ਾਨਾ ਵਿੰਨ੍ਹਿਆ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਖ਼ਾਸ ਤੌਰ 'ਤੇ ਨਿਸ਼ਾਨ ਉਤੇ ਰਹੇ। ਇਸ ਮੌਕੇ ਖਹਿਰਾ ਨੇ ਅਰਵਿੰਦ ਕੇਜਰੀਵਾਲ ਦੀ ਨਰੇਂਦਰ ਮੋਦੀ ਨਾਲ ਤੁਲਨਾ ਕਰ ਦਿੱਤੀ ਤੇ ਕਿਹਾ ਕਿ ਦੋਵਾਂ ਵਿੱਚ ਕੀ ਫਰਕ ਹੈ ?


ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਕਿਹਾ, ਆਰਡੀਨੈਂਸ ਦੀ ਆੜ ਵਿੱਚ "ਛੋਟਾ ਮੋਦੀ" ਦੀ ਇੱਕ ਛੋਟੀ ਕਹਾਣੀ, ਅਰਵਿੰਦ ਕੇਜਰੀਵਾਲ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਮਿਲਣ ਲਈ ਪੂਰੇ ਭਾਰਤ ਵਿੱਚ ਭੱਜ-ਦੌੜ ਕਰ ਰਿਹਾ ਹੈ ਪਰ ਉਹ ਪੰਜਾਬ ਵਿੱਚ ਮੋਦੀ ਵਿਚਾਰਧਾਰਾ ਦੀ ਨਕਲ ਕਰ ਰਿਹਾ ਹੈ! ਉਸ ਨੇ ਕੁੱਲ ਮੀਡੀਆ (ਗੋਦੀ ਅੰਦਾਜ਼) ਨੂੰ ਹਾਈਜੈਕ ਕਰ ਲਿਆ ਹੈ ਅਤੇ ਬਰਜਿੰਦਰ ਐਸ ਹਮਦਰਦ (ਅਜੀਤ) ਵਰਗੇ ਜਿਹੜੇ ਉਸਦੀ ਲਾਈਨ 'ਤੇ ਨਹੀਂ ਚੱਲਦੇ, ਵਿਜੀਲੈਂਸ ਬਿਊਰੋ ਦੁਆਰਾ ਸ਼ਿਕੰਜਾ ਕੱਸਿਆ ਜਾ ਰਿਹਾ ਹੈ! ਉਸਨੇ ਕਈ ਸੁਤੰਤਰ ਵੈਬ ਚੈਨਲਾਂ ਨੂੰ ਬੰਦ ਕਰ ਦਿੱਤਾ ਹੈ, ਕਈ ਟਵਿਟਰ ਹੈਂਡਲ ਨੂੰ ਮੁਅੱਤਲ ਕਰ ਦਿੱਤਾ ਹੈ ਜੋ ਉਸਦਾ ਵਿਰੋਧ ਕਰਦੇ ਹਨ ਆਦਿ! ਉਹ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਲਈ ਪੁਲਿਸ ਤੰਤਰ ਦੀ ਦੁਰਵਰਤੋਂ ਕਰ ਰਿਹਾ ਹੈ ਜਦੋਂ ਕਿ ਉਹੀ ਪੁਲਿਸ ਦਾਗੀ ਮੰਤਰੀ ਕਟਾਰੂਚੱਕ ਨੂੰ ਬਚਾ ਰਹੀ ਹੈ, ਜਿਸ ਉਤੇ ਲੜਕੇ ਨਾਲ ਜਿਣਸੀ ਦੁਰਵਿਵਹਾਰ ਕਰਨ ਦੇ ਦੋਸ਼ ਹਨ, ਜਿਸ ਨੂੰ ਬਰਖਾਸਤ ਕਰਨ ਲਈ ਰਾਜਪਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿ ਚੁੱਕੇ ਹਨ,  ਜਿਸ ਤਰ੍ਹਾਂ ਵਿਰੋਧੀ ਧਿਰ ਬ੍ਰਿਜ ਭੂਸ਼ਣ ਸਿੰਘ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੀ ਹੈ! ਸਵੈ-ਪ੍ਰਮੋਸ਼ਨ 'ਤੇ ਪੂਰੇ ਭਾਰਤ ਵਿੱਚ ਸੈਂਕੜੇ ਕਰੋੜਾਂ ਦੇ ਸਰਕਾਰੀ ਫੰਡ ਖਰਚੇ! ਤਾਂ ਕੇਜਰੀਵਾਲ ਅਤੇ ਮੋਦੀ ਵਿੱਚ ਕੀ ਫਰਕ ਹੈ?






ਸੁਖਪਾਲ ਖਹਿਰਾ ਵੱਲੋਂ ਸਭ ਤੋਂ ਪਹਿਲਾਂ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਵੀਡੀਓ ਮਾਮਲਾ ਚੁੱਕਿਆ ਗਿਆ ਸੀ। ਖਹਿਰਾ ਵੱਲੋਂ ਇਸ ਦੀ ਵੀਡੀਓ ਗਵਰਨਰ ਨੂੰ ਦਿੱਤੀ ਗਈ ਸੀ ਜਿਸ ਦੀ ਜਾਂਚ ਕਰਨ ਤੋਂ ਬਾਅਦ ਰਾਜਪਾਲ ਵੱਲੋਂ ਇਸ ਉੱਤੇ ਕਾਰਵਾਈ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਿਫਾਰਿਸ਼ ਕੀਤੀ ਗਈ ਸੀ ਪਰ ਹਾਲੇ ਤੱਕ ਇਸ ਮਾਮਲੇ ਵਿੱਚ ਕਮੇਟੀ ਬਣਾਉਣ ਤੋਂ ਇਲਾਵਾ ਕੋਈ ਠੋਸ ਕਾਰਵਾਈ ਨਹੀਂ ਹੋਈ ਹੈ।