ਗੁਰਵਿੰਦਰ ਸਿੰਘ ਚੱਠਾ ਦੀ ਲਿਖਤ
Punjab News: ਹਲਕਾ ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਤੇ ਖ਼ਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਤਿੱਖਾ ਸ਼ਬਦੀ ਵਾਰ ਕੀਤਾ ਹੈ। ਖਹਿਰਾ ਨੇ ਤੰਜ ਕਸਦਿਆਂ ਕਿਹਾ ਕਿ ਪੰਜਾਬੀ ਦੇ ਨਵੇਂ ਰਾਖੇ ਆਪਣਾ ਸਾਰਾ ਦਫ਼ਤਰੀ ਕੰਮ ਅੰਗਰੇਜ਼ੀ ਵਿੱਚ ਕਰ ਰਹੇ ਹਨ।
ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਕਿਹਾ , "ਪੰਜਾਬੀ ਦੇ ਨਵੇ ਰਾਖੇ ਭਗਵੰਤ ਮਾਨ ਆਪਣਾ ਸਾਰਾ ਦਫ਼ਤਰੀ ਕੰਮ ਅੰਗਰੇਜ਼ੀ ਵਿੱਚ ਕਰ ਰਹੇ ਹਨ! ਇੱਥੋਂ ਤੱਕ ਕਿ ਸਾਰੇ ਬੋਰਡ ਪੰਜਾਬੀ ਵਿੱਚ ਲਿਖਣ ਦਾ ਹੁਕਮ ਵੀ ਉਨ੍ਹਾਂ ਵੱਲੋਂ ਅੰਗਰੇਜ਼ੀ ਵਿੱਚ ਜਾਰੀ ਕੀਤਾ ਗਿਆ ਹੈ! ਇਸ ਲਈ ਮੈਂ ਉਹਨਾਂ ਨੂੰ ਨਕਲੀ ਇਨਕਲਾਬੀ ਆਖਦਾ ਹਾਂ! ਉਹ ਜੋ ਪ੍ਰਚਾਰ ਕਰਦੇ ਹਨ ਉਸ ਦਾ ਉਹ ਕਦੇ ਅਭਿਆਸ ਨਹੀਂ ਕਰਦੇ!"
ਸੁਖਪਾਲ ਖਹਿਰਾ ਅਕਸਰ ਪੰਜਾਬ ਸਰਕਾਰ ਨੂੰ ਘੇਰਣ ਦਾ ਕੋਈ ਵੀ ਮੌਕਾ ਨਹੀਂ ਛੱਡਦੇ. ਇਸ ਤਹਿਤ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਨੂੰ ਇਹ ਸਵਾਲ ਕੀਤਾ ਗਿਆ ਹੈ ।
ਜ਼ਿਕਰ ਕਰ ਦਈਏ ਕਿ ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਮਾਰਕਿਟ ਕਮੇਟੀ ਦੇ ਚੇਅਰਮੈਨਾਂ ਤੇ ਹੋਰ ਅਹੁਦਿਆਂ ਲਈ ਨਾਂਵਾਂ ਦਾ ਐਲਾਨ ਕੀਤਾ ਗਿਆ ਹੈ। ਇਸ ਲਈ ਜੋ ਸਰਕਾਰੀ ਪੱਤਰ ਜਾਰੀ ਕੀਤਾ ਗਿਆ ਹੈ ਉਸ ਵਿੱਚ ਸਭ ਕੁਝ ਅੰਗਰੇਜ਼ੀ ਵਿੱਚ ਲਿਖਿਆ ਹੋਇਆ ਹੈ ਜਿਸ ਕਰਕੇ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਆ ਗਈ ਹੈ।
ਇੰਨਾ ਹੀ ਸਰਕਾਰ ਵੱਲੋਂ ਜੋ ਬੋਰਡਾਂ ਉੱਤੇ ਪੰਜਾਬੀ ਲਿਖਣ ਲਈ ਆਦੇਸ਼ ਜਾਰੀ ਕੀਤਾ ਗਿਆ ਸੀ ਉਹ ਵੀ ਸਰਕਾਰ ਨੇ ਅੰਗਰੇਜ਼ੀ ਭਾਸ਼ਾ ਵਿੱਚ ਹੀ ਜਾਰੀ ਕੀਤਾ ਸੀ ਜਿਸ ਨੂੰ ਲੈ ਕੇ ਵੀ ਕਾਫੀ ਚਰਚਾ ਹੋਈ ਹੈ। ਹੁਣ ਸੁਖਪਾਲ ਖਹਿਰਾ ਵਿੱਚ ਇਹ ਦੋਵੇਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸਾਝੀਆਂ ਕਰਕੇ ਪੰਜਾਬ ਸਰਕਾਰ ਉੱਤੇ ਨਿਸ਼ਾਨਾ ਸਾਧਿਆ ਗਿਆ ਹੈ। ਇਹ ਇਸ ਗੱਲ ਦਾ ਇੰਤਜ਼ਾਰ ਹੈ ਕਿ ਪੰਜਾਬ ਸਰਕਾਰ ਵਿਰੋਧੀਆਂ ਦੇ ਇਸ ਸਵਾਲ ਦਾ ਕਿੰਝ ਜਵਾਬ ਦਿੰਦੀ ਹੈ।