ਦਰਅਸਲ, ਮੁੱਖ ਮੰਤਰੀ ਨੇ ਸੋਮਵਾਰ ਨੂੰ ਕਰਤਾਰਪੁਰ ਸਾਹਿਬ ਗਲਿਆਰੇ ਦੇ ਨੀਂਹ ਪੱਥਰ ਸਮਾਗਮ ਵਿੱਚ ਪਾਕਿਸਤਾਨ ਦੇ ਫ਼ੌਜ ਮੁਖੀ ਨੂੰ ਖ਼ੂਬ ਖਰੀਆਂ-ਖਰੀਆਂ ਸੁਣਾਉਂਦਿਆਂ ਕਿਹਾ ਸੀ ਕਿ ਉਹ ਗੁਰੂ ਨਾਨਕ ਦੀ ਜਨਮਭੂਮੀ 'ਤੇ ਜਾਣਾ ਚਾਹੁੰਦੇ ਹਨ ਪਰ ਉਹ ਪਾਕਿਸਤਾਨ ਦੀਆਂ ਦਹਿਸ਼ਤੀ ਗਤੀਵਿਧੀਆਂ ਕਰਕੇ ਨਹੀਂ ਜਾਣਗੇ। ਇਸ ਤੋਂ ਪਹਿਲਾਂ ਉਨ੍ਹਾਂ 28 ਨਵੰਬਰ ਨੂੰ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਗਲਿਆਰੇ ਦੇ ਨੀਂਹ ਪੱਥਰ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਅਜਿਹੇ ਕਾਰਨਾਂ ਦਾ ਹਵਾਲਾ ਦੇ ਕੇ ਠੁਕਰਾ ਦਿੱਤਾ ਸੀ।
ਇਸ 'ਤੇ ਸੁਖਪਾਲ ਖਹਿਰਾ ਨੇ ਟਵੀਟ ਕਰ ਕੇ ਬਗ਼ੈਰ ਅਰੂਸਾ ਆਲਮ ਦਾ ਨਾਂ ਲਏ ਕਿਹਾ ਕਿ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਵਿੱਚ ਉਨ੍ਹਾਂ ਦੇ ਪਾਕਿਸਤਾਨੀ ਦੋਸਤ ਉਨ੍ਹਾਂ ਦੀ ਖਾਤਿਰਦਾਰੀ ਦਾ ਆਨੰਦ ਮਾਣਦੇ ਰਹੇ ਹਨ ਤਾਂ ਕੈਪਟਨ ਨੂੰ ਉੱਥੇ ਵੀ ਗੰਭੀਰਤਾ ਨਾਲ ਕੰਮ ਲੈਣਾ ਚਾਹੀਦਾ ਸੀ। ਖਹਿਰਾ ਨੇ ਕਿਹਾ ਕਿ ਕੈਪਟਨ ਵੱਲੋਂ ਪਾਕਿਸਤਾਨ ਦਾ ਸੱਦਾ ਠੁਕਰਾਉਣਾ ਉਨ੍ਹਾਂ ਦੇ ਦੋਗਲੇ ਹੋਣ ਦਾ ਸਬੂਤ ਹੈ।