ਸੁਖਪਾਲ ਖਹਿਰਾ ਨੇ ਆਪਣੇ ਫੇਸਬੁੱਕ ਪੇਜ 'ਤੇ ਲਈਵ ਹੋ ਕੇ ਕਿਹਾ ਕਿ ਡਾ. ਬਲਬੀਰ ਸਿੰਘ ਹਰ ਰੋਜ਼ ਉਨ੍ਹਾਂ 'ਤੇ ਨਵਾਂ ਇਲਜ਼ਾਮ ਲਾਉਂਦੇ ਹਨ। ਖਹਿਰਾ ਨੇ ਕਿਹਾ ਕਿ ਉਨ੍ਹਾਂ 'ਤੇ ਸ਼ੁਤਰਾਣਾ ਦੇ ਵਲੰਟੀਅਰਾਂ ਤੋਂ ਪੈਸੇ ਲੈਣ ਦੇ ਗੰਭੀਰ ਇਲਜ਼ਾਮ ਲਾਏ ਗਏ ਹਨ। ਖਹਿਰਾ ਨੇ ਇਨ੍ਹਾਂ ਇਲਜ਼ਾਮਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਹ ਡਾ. ਬਲਬੀਰ ਦੀ ਸ਼ਿਕਾਇਤ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਸਮੇਤ ਪੂਰੀ ਹਾਈਕਮਾਨ ਨੂੰ ਕਰਨਗੇ।
ਇੰਨਾ ਹੀ ਨਹੀਂ ਖਹਿਰਾ ਨੇ ਇਹ ਵੀ ਕਿਹਾ ਕਿ ਉਹ ਹੁਣ ਡਾ. ਬਲਬੀਰ ਸਿੰਘ ਨਾਲ ਹੋਰ ਕੰਮ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਉਹ ਲੋਕਾਂ ਸਾਹਮਣੇ ਲਾਈਵ ਹੋ ਕੇ ਆਪਣਾ ਪੱਖ ਦੱਸ ਰਹੇ ਹਨ। ਹਾਲਾਂਕਿ, ਖਹਿਰਾ ਦੇ ਬਿਆਨਾਂ 'ਤੇ ਡਾ. ਬਲਬੀਰ ਸਿੰਘ ਵੱਲੋਂ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।
ਜ਼ਿਕਰਯੋਗ ਹੈ ਕਿ ਬੀਤੀ 15 ਜੁਲਾਈ ਨੂੰ ਛੇ ਜ਼ਿਲ੍ਹਾ ਪ੍ਰਧਾਨਾਂ ਸਮੇਤ ਕੁੱਲ 16 ਲੀਡਰਾਂ ਵੱਲੋਂ ਅਸਤੀਫ਼ਾ ਦਿੰਦਿਆਂ ਕਿਹਾ ਸੀ ਕਿ ਡਾ. ਬਲਬੀਰ ਸਿੰਘ ਤਾਨਸ਼ਾਹ ਹਨ, ਉਹ ਸਿਰਫ ਆਪਣੀ ਮਰਜ਼ੀ ਨਾਲ ਫੈਸਲੇ ਕਰਦੇ ਹਨ। ਲੀਡਰਾਂ ਨੇ ਦੋਸ਼ ਲਾਇਆ ਸੀ ਕਿ ਡਾ. ਬਲਬੀਰ ਨੇ ਸ਼ਾਹਕੋਟ ਜ਼ਿਮਨੀ ਚੋਣ ਬਾਰੇ ਫੈਸਲਾ ਗ਼ਲਤ ਲਿਆ ਸੀ। ਸੁਖਪਾਲ ਖਹਿਰਾ ਤੇ ਡਾ. ਬਲਬੀਰ ਦੇ ਮੱਤਭੇਦ ਪਹਿਲਾਂ ਤੋਂ ਹੀ ਜੱਗ ਜ਼ਾਹਰ ਹਨ।
ਹਾਲਾਂਕਿ, ਡਾ. ਬਲਬੀਰ ਸਿੰਘ ਖ਼ਿਲਾਫ਼ ਬਗ਼ਾਵਤ ਦਾ ਝੰਡਾ ਚੁੱਕੇ ਜਾਣ ਦੇ ਬਾਵਜੂਦ ਪਾਰਟੀ ਵਿੱਚ ਉਨ੍ਹਾਂ ਦੀ ਸਰਦਾਰੀ ਕਾਇਮ ਹੋਣ ਦਾ ਸਬੂਤ ਦਿੱਤਾ ਗਿਆ ਸੀ। ਇਸ ਗੱਲ ਦਾ ਸੰਕੇਤ ਡਾ. ਬਲਬੀਰ ਸਿੰਘ ਨੇ ਬਾਗੀਆਂ ਦੇ ਅਸਤੀਫਿਆਂ ਤੋਂ ਅਗਲੇ ਹੀ ਦਿਨ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਕਰਕੇ ਦਿੱਤਾ ਸੀ। ਹੁਣ ਪਾਰਟੀ ਦੇ ਥੰਮ੍ਹ ਵਜੋਂ ਜਾਣੇ ਜਾਂਦੇ ਸੁਖਪਾਲ ਖਹਿਰਾ ਦਾ ਖੁੱਲ੍ਹ ਕੇ ਡਾ. ਬਲਬੀਰ ਖਿਲਾਫ ਬੋਲਣ ਤੋਂ ਬਾਅਦ ਵੇਖਣਾ ਹੋਵੇਗਾ ਕਿ ਪਾਰਟੀ ਹਾਈਕਮਾਨ ਇਸ 'ਤੇ ਕੀ ਐਕਸ਼ਨ ਲੈਂਦੀ ਹੈ।