ਜਲੰਧਰ: ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਖਹਿਰਾ ਨੇ ਹੁਣ 'ਆਪ' ਨੂੰ ਹੀ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਖਹਿਰਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਵਿੱਚ ਸ਼ਾਮਲ ਹੋ ਕੇ ਚੋਣ ਲੜੇ ਤਾਂ ਉਨ੍ਹਾਂ ਦਾ ਸਵਾਗਤ ਹੈ। ਉਨ੍ਹਾਂ ਕਿਹਾ ਕਿ 'ਆਪ' ਨੂੰ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵਿੱਚ ਐਡਜਸਟ ਕਰ ਲਿਆ ਜਾਵੇਗਾ।
ਖਹਿਰਾ ਦਾ ਇਹ ਵੀ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ। ਭਗਵੰਤ ਮਾਨ ਨੂੰ ਥੋੜ੍ਹੀ ਵੋਟ ਜ਼ਰੂਰ ਪਵੇਗੀ। ਇਸ ਲਈ ਭਗਵੰਤ ਮਾਨ ਕਾਂਗਰਸ ਨਾਲ ਅਲਾਇੰਸ ਕਰਕੇ ਐਮਪੀ ਬਣਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ 'ਆਪ' ਨੇ ਚੋਣਾਂ ਤੋਂ ਪਹਿਲਾਂ ਇਮਾਨਦਾਰੀ ਨਹੀਂ ਵਿਖਾਈ। ਪੰਜਾਬ ਦੀ ਆਮ ਆਦਮ ਪਾਰਟੀ ਨੂੰ ਦੁਰਗੇਸ਼ ਪਾਠਕ ਹੀ ਚਲਾ ਰਿਹਾ ਹੈ।
ਖਹਿਰਾ ਨੇ ਕਿਹਾ ਕਿ ਪੰਜਾਬ ਵਿੱਚ ਹੁਣ ਵੀ ਤੀਜੇ ਬਦਲ ਲਈ ਥਾਂ ਮੌਜੂਦ ਹੈ। ਇਸ ਲਈ ਆਸ ਨਹੀਂ ਛੱਡਣੀ ਚਾਹੀਦੀ। ਖਹਿਰਾ ਨੇ ਕਿਹਾ ਕਿ ਪਾਕਿਸਤਾਨ ਵਿੱਚ ਵੀ ਦੋ ਹੀ ਪਾਰਟੀਆਂ ਸੀ ਪਰ ਇਮਰਾਨ ਖਾਨ ਜਿੱਤੇ। ਉਨ੍ਹਾਂ ਦਾਅਵਾ ਕੀਤਾ ਕਿ ਅਲਾਇੰਸ ਵਿੱਚ ਆਉਣ ਵਾਲੇ ਦਿਨਾਂ ਵਿੱਚ ਵੱਖਰੀ ਪਾਰਟੀ ਬਣਾਉਣ ਵਾਲੇ ਟਕਸਾਲੀ ਅਕਾਲੀ ਵੀ ਸ਼ਾਮਲ ਹੋ ਸਕਦੇ ਹਨ। ਖਹਿਰਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਦੋ ਤੋਂ ਤਿੰਨ ਵਿਧਾਇਕ ਲੋਕ ਸਭਾ ਚੋਣਾਂ ਲੜ ਸਕਦੇ ਹਨ।