ਚੰਡੀਗੜ੍ਹ: ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਗੋਲ਼ੀਕਾਂਡ ਮਾਮਲਿਆਂ ਦੀ ਜਾਂਚ ਲਈ ਬਣਾਏ ਗਏ ਜਸਟਿਸ ਜ਼ੋਰਾ ਸਿੰਘ ਕਮਿਸ਼ਨ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਮਿਸ਼ਨ ਨੂੰ ਬਾਦਲਾਂ ਨੂੰ ਬਚਾਉਣ ਵਾਲਾ ਕਮਿਸ਼ਨ ਕਰਾਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਬੇਬਾਕੀ ਨਾਲ ਦਾਅਵਾ ਕੀਤਾ ਕਿ ਜ਼ੋਰਾ ਸਿੰਘ ਨੇ ਪੁਖਤਾ ਜਾਂਚ ਨਹੀਂ ਕੀਤੀ ਸਗੋਂ ਸਿੱਖਾਂ 'ਤੇ ਤਸ਼ੱਦਦ ਕਰਵਾਇਆ।
ਸੁਖਪਾਲ ਖਹਿਰਾ ਨੇ ਜਿੱਥੇ ਜ਼ੋਰਾ ਸਿੰਘ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ ਉੱਥੇ ਹੀ ਸੁਖਬੀਰ ਬਾਦਲ ਖ਼ਿਲਾਫ਼ ਪਰੀ ਐਫ਼ਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਬੇਸ਼ੱਕ ਇਹ ਮੁੱਦਾ ਆਮ ਲੋਕਾਂ ਨਾਲ ਜੁੜਿਆ ਹੋਇਆ ਪਰ ਇੱਥੇ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਕਿ ਸੁਖਪਾਲ ਖਹਿਰਾ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਅਚਾਨਕ ਕੁਝ ਜ਼ਿਆਦਾ ਹੀ ਤਵੱਜੋਂ ਦੇਣ ਲੱਗ ਗਏ ਹਨ। ਇਸ ਤੋਂ ਇਹ ਵੀ ਜ਼ਾਹਿਰ ਹੋ ਰਿਹਾ ਕਿ ਕਿ ਕਿਤੇ ਜ਼ੋਰਾ ਸਿੰਘ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਕੇ ਖਹਿਰਾ ਦੇ ਨਿਸ਼ਾਨੇ 'ਤੇ ਤਾਂ ਨਹੀਂ ਆ ਗਏ।