ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਲਾਂਭੇ ਕੀਤੇ ਜਾਣ ਤੋਂ ਬਾਅਦ ਖਹਿਰਾ ਨੇ ਕਿਹਾ ਕਿ ਪਾਰਟੀ ਦੇ ਆਪਣੇ ਹੀ ਲੋਕਾਂ ਨੇ ਉਨ੍ਹਾਂ ਖਿਲਾਫ ਸਾਜਿਸ਼ ਕਰਕੇ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਇਆ ਹੈ। ਉਨ੍ਹਾਂ ਕਿਹਾ ਕਿ ਹਾਈਕਮਾਨ ਦੇ ਤਾਨਾਸ਼ਾਹੀ ਫੈਸਲਿਆਂ ਤੋਂ ਬਾਅਦ ਆਮ ਆਦਮੀ ਦਾ ਪਾਰਟੀ ਤੋਂ ਵਿਸ਼ਵਾਸ ਉੱਠ ਗਿਆ ਹੈ। ਇਸ ਦੇ ਚੱਲਦਿਆਂ 'ਆਪ' ਦਾ ਗ੍ਰਾਫ ਦਿਨ-ਬ-ਦਿਨ ਹੇਠਾਂ ਆ ਰਿਹਾ ਹੈ।


ਖਹਿਰਾ ਨੇ ਕਿਹਾ ਕਿ ਲੋਕਾਂ ਦੀ ਆਵਾਜ਼ ਬਣ ਉਨ੍ਹਾਂ ਵਿਧਾਇਕਾਂ ਨਾਲ ਰਲ ਕੇ ਭ੍ਰਿਸ਼ਟਾਚਾਰੀ ਤੇ ਬੇਰੁਜ਼ਗਾਰੀ ਦੇ ਮੁੱਦੇ ਵਿਧਾਨ ਸਭਾ 'ਚ ਚੁੱਕੇ। ਇਸ ਦੇ ਬਾਵਜੂਦ ਮੈਂ ਜਿੱਥੇ ਵੀ ਜਾਂਦਾ ਸੀ, ਪਾਰਟੀ ਦੇ ਆਪਣੇ ਹੀ ਨੇਤਾ ਮੇਰੇ ਖਿਲਾਫ ਸਾਜਿਸ਼ਾਂ ਰਚਣ ਲੱਗ ਜਾਂਦੇ ਸਨ। ਜ਼ਿਲ੍ਹਾ ਪ੍ਰਧਾਨਾਂ ਨੂੰ ਮੇਰੇ ਸਮਾਗਮ 'ਚ ਨਾ ਜਾਣ ਦੇ ਹੁਕਮ ਦਿੱਤੇ ਜਾਂਦੇ ਸਨ। ਖਹਿਰਾ ਨੇ ਪਾਰਟੀ ਖਿਲਾਫ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਪਾਰਟੀ ਨੇ ਅਜੇ ਤੱਕ ਮੇਰਾ ਪੱਖ ਨਹੀਂ ਜਾਣਿਆ ਸਿਰਫ ਟਵੀਟ ਕਰਕੇ ਲੋਕਾਂ ਨੂੰ ਜਾਣਕਾਰੀ ਦਿੱਤੀ ਹੈ।


ਪੰਜਾਬ ਦੀ ਸਿਆਸਤ 'ਤੇ ਬੋਲਦਿਆਂ ਖਹਿਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਬਣਨ 'ਤੇ ਸਿਰਫ ਪੱਗਾਂ ਦੇ ਰੰਗ ਹੀ ਬਦਲੇ ਹਨ, ਬਾਕੀ ਸਭ ਪਹਿਲਾਂ ਦੀ ਤਰ੍ਹਾਂ ਹੈ। ਪੰਜਾਬ 'ਚ ਪਹਿਲਾਂ ਵਾਂਗ ਲੁੱਟ-ਖਸੁੱਟ ਜਾਰੀ ਹੈ। ਖਹਿਰਾ ਨੇ ਬਿਨਾਂ ਕਿਸੇ ਦਾ ਨਾਂ ਲਏ ਕਿਹਾ ਕਿ ਜੇਕਰ ਇਕ ਸੋਚ ਵਾਲੇ ਵਿਅਕਤੀ ਇਕੱਠੇ ਹੋ ਜਾਣ ਤਾਂ ਇੱਕ ਮਹਾ ਗਠਜੋੜ ਬਣਾ ਕੇ ਪੰਜਾਬ ਦਾ ਭਲਾ ਹੋ ਸਕਦਾ ਹੈ।


ਕੇਜਰੀਵਾਲ ਵੱਲੋਂ ਚੁਣੇ ਬੰਦਿਆਂ ਦਾ ਕੀਤਾ ਵਿਰੋਧ


ਖਹਿਰਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਸਿਸਟਮ ਸੁਧਾਰਨ ਲਈ ਆਮ ਆਦਮੀ ਪਾਰਟੀ ਬਣਾਈ ਸੀ ਪਰ ਜੋ ਲੋਕ ਪੰਜਾਬ 'ਚ ਉਨ੍ਹਾਂ ਚੁਣੇ ਉਨ੍ਹਾਂ ਤਹਿ ਦਿਲ ਤੋਂ ਪਾਰਟੀ ਲਈ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਉਹ ਆਪਣੀ ਪਾਰਟੀ ਦਾ ਸਿਸਟਮ ਬਦਲਣ ਲਈ ਪਾਰਟੀ ਵਰਕਰਾਂ ਨੂੰ ਅਪੀਲ ਕਰਦੇ ਹਨ ਤੇ ਏਸੇ ਤਹਿਤ ਉਨ੍ਹਾਂ ਦੋ ਅਗਸਤ ਨੂੰ ਬਠਿੰਡਾ 'ਚ ਆਪ ਦੀ ਮੀਟਿੰਗ ਬੁਲਾਈ ਹੈ।