ਗੜ੍ਹਸ਼ੰਕਰ: ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਸ਼ਨੀਵਾਰ ਨੂੰ ਗੜ੍ਹਸ਼ੰਕਰ 'ਚ ਕੀਤੀ ਰੈਲੀ ਦੌਰਾਨ ਅਕਾਲੀਆਂ ਤੇ ਕਾਂਗਰਸੀਆਂ 'ਤੇ ਵਰ੍ਹਦਿਆਂ ਉਨ੍ਹਾਂ ਨੂੰ ਬਦਨਾਮ ਕਰਨ ਦੇ ਦੋਸ਼ ਲਾਏ। ਖਹਿਰਾ ਨੇ ਦੋਵੇਂ ਰਵਾਇਤੀ ਪਾਰਟੀਆਂ ਨੂੰ ਪੰਜਾਬ ਦੀ ਬਰਬਾਦੀ ਲਈ ਜ਼ਿੰਮੇਵਾਰ ਠਹਿਰਾਇਆ। ਅੱਜ ਵਾਲੀ ਰੈਲੀ ਵਿੱਚ ਖਹਿਰਾ ਧੜੇ ਦੇ ਜ਼ਿਆਦਾਤਰ ਵਿਧਾਇਕ ਉਨ੍ਹਾਂ ਨਾਲ ਸ਼ਾਮਿਲ ਸਨ।

ਕੇਜਰੀਵਾਲ ਨੂੰ ਨਿਸ਼ਾਨੇ 'ਤੇ ਲੈਂਦਿਆਂ ਖਹਿਰਾ ਨੇ ਕਿਹਾ ਕਿ ਦਿੱਲੀ 'ਚ ਕੇਜਰੀਵਾਲ ਨੇ ਗਵਰਨਰ ਦੇ ਘਰ ਜਾ ਕੇ ਕੰਮ ਨਾ ਹੋਣ ਦਾ ਡਰਾਮਾ ਕੀਤਾ ਜਦਕਿ ਪੰਜਾਬ 'ਚ ਜਦੋਂ ਕੋਈ ਲੀਡਰ ਕੰਮ ਕਰਦਾ ਹੈ ਤਾਂ ਉਸ ਨੂੰ ਬਾਹਰ ਦਾ ਰਾਹ ਦਿਖਾਇਆ ਜਾਂਦਾ ਹੈ।

ਖਹਿਰਾ ਨੇ ਨਸ਼ਿਆਂ ਦੇ ਮੁੱਦੇ 'ਤੇ ਬੋਲਦਿਆਂ ਕਿਹਾ ਕਿ ਕਾਂਗਰਸ ਸਰਕਾਰ ਦੇ ਪੰਜਾਬ 'ਚ 17 ਮਹੀਨੇ ਬੀਤਣ ਦੇ ਬਾਵਜੂਦ ਪੰਜਾਬ ਦੇ ਨੌਜਵਾਨ ਨਸ਼ੇ ਦੀ ਦਲਦਲ 'ਚ ਫਸੇ ਹੋਏ ਹਨ। ਉਨ੍ਹਾਂ ਕਿਹਾ ਕਿ ਅੱਜ ਨੌਜਵਾਨ ਵਹੀਰਾਂ ਘੱਤੀ ਵਿਦੇਸ਼ ਜਾ ਰਹੇ ਹਨ ਕਿਉਂਕਿ ਇੱਥੇ ਉਨ੍ਹਾਂ ਲਈ ਰੁਜ਼ਗਾਰ ਨਹੀਂ ਹੈ। ਪੰਜਾਬ 'ਚ ਕੋਈ ਇੰਡਸਟਰੀ ਨਹੀਂ ਹੈ ਸਾਰੀ ਇੰਡਸਟਰੀ ਹਿਮਾਚਲ 'ਚ ਜਾ ਰਹੀ ਹੈ।

ਖਹਿਰਾ ਨੇ ਬਾਦਲਾਂ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਸੁਖਬੀਰ ਬਾਦਲ ਨੇ ਚੰਡੀਗੜ੍ਹ 'ਚ 7 ਤਾਰਾ ਹੋਟਲ ਬਣਾਇਆ ਜਿਸ ਦਾ ਪ੍ਰਤੀ ਦਿਨ ਕਿਰਾਇਆ 4 ਲੱਖ ਰੁਪਏ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਲੋਕਾਂ ਦੇ ਟੈਕਸ ਨੂੰ ਆਪਣਾ ਪੈਸਾ ਸਮਝ ਲਿਆ ਤੇ ਮਨਆਈ ਲੁੱਟ ਮਚਾਈ।

ਖਹਿਰਾ ਨੇ ਕੈਪਟਨ 'ਤੇ ਵਰ੍ਹਦਿਆਂ ਕਿਹਾ ਕਿ ਕੈਪਟਨ ਨੇ ਲੋਕਾਂ ਨੂੰ 84 ਦਾ ਮੁੱਦਾ ਭੁੱਲ ਜਾਣ ਲਈ ਕਿਹਾ, ਪਾਣੀ ਦੇ ਮੁੱਦੇ ਨੂੰ ਮਜ਼ਾਕ ਬਣਾਇਆ ਤੇ ਵਿਧਾਨ ਸਭਾ 'ਚ ਅਸਤੀਫਾ ਦੇ ਕੇ ਡਰਾਮੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ 'ਚ ਸਾਡੀ ਸਰਕਾਰ ਬਣਾਓ। ਅਸੀਂ ਰਾਜਸਥਾਨ ਤੇ ਹਰਿਆਣੇ ਤੋਂ ਪੈਸੇ ਲੈਕੇ ਪੰਜਾਬ ਦਾ ਕਰਜ਼ ਮਾਫ ਕਰਾਵਾਂਗੇ।

ਖਹਿਰਾ ਨੇ ਇਸ ਗੱਲ ਦਾ ਖੰਡਨ ਕੀਤਾ ਜਿਸ 'ਚ ਅਕਾਲੀ ਲੀਡਰ ਵਿਰਸਾ ਸਿੰਘ ਵਲਟੋਹਾ ਵੱਲੋਂ ਦਿੱਤੇ ਇਕ ਇੰਟਰਵਿਊ 'ਚ ਕਿਹਾ ਗਿਆ ਸੀ ਕਿ ਖਹਿਰਾ ਨੇ ਉਨ੍ਹਾਂ ਨੂੰ ਬਿਕਰਮਜੀਤ ਮਜੀਠੀਆ ਨਾਲ ਮੁਲਾਕਾਤ ਕਰਾਉਣ ਲਈ ਕਿਹਾ ਸੀ। ਖਹਿਰਾ ਨੇ ਕਿਹਾ ਕਿ ਮੇਰੀ ਮਜੀਠੀਏ ਨਾਲ ਇਕ ਵਾਰ ਵੀ ਮੁਲਾਕਾਤ ਨਹੀਂ ਹੋਈ ਇਹ ਸਿਰਫ ਮੈਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਹਨ।