Punjab News: ਸੀਨੀਅਰ ਕਾਂਗਰਸ ਨੇਤਾ ਅਤੇ ਭੁਲੱਥ ਹਲਕੇ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਸਖ਼ਤ ਨਿੰਦਾ ਕੀਤੀ, ਜਿਸ ਵਿੱਚ ਉਨ੍ਹਾਂ ਨੇ ਮੰਤਰੀਆਂ ਲਾਲ ਚੰਦ ਕਟਾਰੂਚੱਕ, ਬਲਕਾਰ ਸਿੰਘ ਅਤੇ ਹੁਣ ਰਵਜੋਤ ਸਿੰਘ ’ਤੇ ਜਨਤਕ ਅਹੁਦੇ ਦੀ ਮਰਿਆਦਾ ਨੂੰ ਧੁੰਦਲਾ ਕਰਨ ਵਾਲੇ ਅਨੈਤਿਕ ਵਿਵਹਾਰ ਦੇ ਦੋਸ਼ ਲਾਏ।

ਖਹਿਰਾ ਨੇ ਕਿਹਾ, “ਇਹ ਸ਼ਰਮਨਾਕ ਹੈ ਕਿ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਨਿਯੁਕਤ ਮੰਤਰੀ ਉਲਟਾ ਸਕੈਂਡਲਾਂ ਵਿੱਚ ਫਸੇ ਹੋਏ ਹਨ, ਜੋ ਜਨਤਕ ਭਰੋਸੇ ਨੂੰ ਤੋੜਦੇ ਹਨ। ਲਾਲ ਚੰਦ ਕਟਾਰੂਚੱਕ, ਬਲਕਾਰ ਸਿੰਘ ਅਤੇ ਹੁਣ ਰਵਜੋਤ ਸਿੰਘ ਵਿਰੁੱਧ ਦੋਸ਼ ਪੰਜਾਬ ਦੀ ਸਰਕਾਰ ’ਤੇ ਇੱਕ ਕਲੰਕ ਹਨ।”

ਕੀ ਇਹ ਸਭ ਇੱਕ ਢਕੋਸਲਾ ਸੀ?

ਖਹਿਰਾ ਨੇ ਅਰਵਿੰਦ ਕੇਜਰੀਵਾਲ ਦੀ ਚੁੱਪ ’ਤੇ ਸਵਾਲ ਉਠਾਉਂਦਿਆਂ ਪੁੱਛਿਆ ਕਿ, ਕੀ ਆਪ ਨੇਤਾ ਨੇ ਸਿਆਸਤ ਵਿੱਚ “ਬਦਲਾਅ” ਦੇ ਆਪਣੇ ਵੱਡੇ-ਵੱਡੇ ਵਾਅਦਿਆਂ ਨੂੰ ਛੱਡ ਦਿੱਤਾ ਹੈ। “ਅਰਵਿੰਦ ਕੇਜਰੀਵਾਲ ਸੱਤਾ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਨੈਤਿਕ ਸ਼ਾਸਨ ਦੇ ਨਵੇਂ ਯੁੱਗ ਦੀ ਸ਼ੁਰੂਆਤ ਦੇ ਦਾਅਵੇ ਨਾਲ ਆਏ ਸਨ। ਕੀ ਇਹ ਸਭ ਇੱਕ ਢਕੋਸਲਾ ਸੀ? ਆਪਣੇ ਮੰਤਰੀਆਂ ਦੇ ਅਨੈਤਿਕ ਵਿਵਹਾਰ ਦੇ ਸਬੂਤਾਂ ਦੇ ਬਾਵਜੂਦ, ਉਨ੍ਹਾਂ ਵਿਰੁੱਧ ਕਾਰਵਾਈ ਨਾ ਕਰਨਾ ਇੱਕ ਅਜਿਹੇ ਨੇਤਾ ਨੂੰ ਦਰਸਾਉਂਦਾ ਹੈ ਜੋ ਸਿਧਾਂਤਾਂ ਨਾਲੋਂ ਸੱਤਾ ਨੂੰ ਵਧੇਰੇ ਅਹਿਮੀਅਤ ਦਿੰਦਾ ਹੈ।

ਖਹਿਰਾ ਨੇ ਮੰਤਰੀਆਂ ਕਟਾਰੂਚੱਕ, ਰਵਜੋਤ ਸਿੰਘ ਅਤੇ ਸਾਬਕਾ ਮੰਤਰੀ ਬਲਕਾਰ ਸਿੰਘ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕੀਤੀ, ਅਤੇ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਨਤਕ ਵਿਸ਼ਵਾਸ ਬਹਾਲ ਕਰਨ ਲਈ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ। “ਜੇਕਰ ਆਪ ਵਿੱਚ ਜ਼ਰਾ ਵੀ ਸ਼ਰਮ ਬਾਕੀ ਹੈ, ਤਾਂ ਇਨ੍ਹਾਂ ਨੇਤਾਵਾਂ ਨੂੰ ਬਿਨਾਂ ਦੇਰੀ ਬਰਖ਼ਾਸਤ ਕੀਤਾ ਜਾਣਾ ਚਾਹੀਦਾ। ਪੰਜਾਬ ਨੈਤਿਕ ਅਤੇ ਆਚਾਰਕ ਮਿਆਰਾਂ ਨੂੰ ਬਰਕਰਾਰ ਰੱਖਣ ਵਾਲੇ ਨੇਤਾਵਾਂ ਦਾ ਹੱਕਦਾਰ ਹੈ, ਨਾ ਕਿ ਉਨ੍ਹਾਂ ਦਾ ਜੋ ਸੂਬੇ ਦੀ ਇੱਜ਼ਤ ਨੂੰ ਮਿੱਟੀ ਵਿੱਚ ਮਿਲਾਉਂਦੇ ਹਨ।

ਉਨ੍ਹਾਂ ਨੇ ਦੋਸ਼ਾਂ ਦੀ ਪਾਰਦਰਸ਼ਤਾ ਅਤੇ ਨਿਆਂ ਨੂੰ ਯਕੀਨੀ ਬਣਾਉਣ ਲਈ ਸੁਤੰਤਰ ਜਾਂਚ ਦੀ ਮੰਗ ਵੀ ਕੀਤੀ। “ਪੰਜਾਬ ਦੇ ਲੋਕ ਅਜਿਹੀ ਸਰਕਾਰ ਨੂੰ ਮੁਆਫ਼ ਨਹੀਂ ਕਰਨਗੇ ਜੋ ਗਲਤਕਾਰੀਆਂ ਨੂੰ ਸੁਰੱਖਿਆ ਦਿੰਦੀ ਹੈ ਅਤੇ ਨੈਤਿਕਤਾ ਦਾ ਉਪਦੇਸ਼ ਦਿੰਦੀ ਹੈ,” ਖਹਿਰਾ ਨੇ ਚੇਤਾਵਨੀ ਦਿੱਤੀ।