ਸੰਗਰੂਰ ਲੋਕ ਸਭਾ ਸੀਟ `ਤੇ ਉੱਪ ਚੋਣਾਂ `ਚ ਹਾਰ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਆਪ ਸਰਕਾਰ `ਤੇ ਨਿਸ਼ਾਨੇ ਲਗਾਉਣੇ ਸ਼ੁਰੂ ਕਰ ਦਿਤੇ ਹਨ। ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਸਰਕਾਰ `ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ `ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਕੈਬਨਿਟ ਮੰਤਰੀ ਹਰਜੋਤ ਬੈਂਸ ਨੂੰ ਟੈਗ ਕਰਦਿਆਂ ਉਨ੍ਹਾਂ ਲਿਖਿਆ, "ਕੈਬਨਿਟ ਮੰਤਰੀ ਹਰਜੋਤ ਬੈਂਸ ਇਹ ਕਿਵੇਂ ਕਹਿ ਸਕਦੇ ਹਨ ਕਿ ਪੰਜਾਬ `ਚ ਨਾਜਾਇਜ਼ ਮਾਈਨਿੰਗ ਨਹੀਂ ਹੋ ਰਹੀ ਹੈ, ਜਦਕਿ ਮੰਤਰੀ ਦੇ ਆਪਣੇ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੇ ਇਲਾਕੇ ਭਲਾਣ ਤੇ ਤਰਫ਼ ਮਾਜਰੀ `ਚ ਮਸ਼ੀਨ ਰਾਹੀਂ 40 ਫੁੱਟ ਡੂੰਘੀ ਖੁਦਾਈ ਕੀਤੀ। ਜੇ ਇਹ ਮਾਈਨਿੰਗ ਨਹੀਂ ਤਾਂ ਫ਼ਿਰ ਕੀ ਹੈ?  ਅੱਜ ਦੇ ਇਸ ਵੀਡੀਓ `ਚ ਨਾਜਾਇਜ਼ ਮਾਈਨਿੰਗ ਦਾ ਨਜ਼ਾਰਾ ਸਾਫ਼ ਦੇਖਿਆ ਜਾ ਸਕਦਾ ਹੈ।"









ਸੁਖਪਾਲ ਖਹਿਰਾ ਨੇ ਇਹ ਵੀਡੀਓ ਥੋੜ੍ਹੀ ਦੇਰ ਪਹਿਲਾਂ ਸ਼ੇਅਰ ਕੀਤਾ ਹੈ। ਜਿਸ ਨੂੰ ਅੱਜ ਦਾ ਤਾਜ਼ਾ ਵੀਡੀਓ ਦਸਿਆ ਜਾ ਰਿਹਾ ਹੈ। ਦਸ ਦਈਏ ਕਿ ਸੁਖਪਾਲ ਖਹਿਰਾ ਪਹਿਲਾਂ ਆਪ ਦੇ ਵਿਰੋਧੀ ਧਿਰ ਦੇ ਆਗੂ ਸਨ, ਪਰ ਉਨ੍ਹਾਂ ਨੇ ਪਾਰਟੀ ਨੂੰ ਅਲਵਿਦਾ ਆਖ ਕਾਂਗਰਸ ਦਾ ਹੱਥ ਫੜ ਲਿਆ ਸੀ। ਉਹ ਭੁਲੱਥ ਹਲਕੇ ਤੋਂ ਕਾਂਗਰਸੀ ਵਿਧਾਇਕ ਹਨ। 


ਸੁਖਪਾਲ ਖਹਿਰਾ ਸੋਸ਼ਲ ਮੀਡੀਆ `ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਪੰਜਾਬ ਦੇ ਹਰ ਮੁੱਦੇ ਤੇ ਉਹ ਆਪਣੇ ਸੋਸ਼ਲ ਮੀਡੀਆ `ਤੇ ਆਪਣੀ ਰਾਏ ਜ਼ਰੂਰ ਦਿੰਦੇ ਹਨ।