ਸੁਲਤਾਨਪੁਰ ਲੋਧੀ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਾਰੇ ਆਪਣੇ-ਆਪਣੇ ਤਰੀਕੇ ਨਾਲ ਮਨਾ ਰਹੇ ਹਨ। ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡਾਂ ਦੇ ਲੋਕ ਆਪਣੇ ਘਰਾਂ ਵਿੱਚ ਸੰਗਤ ਨੂੰ ਠਹਿਰਾ ਰਹੇ ਹਨ। ਜਿਨ੍ਹਾਂ ਘਰਾਂ ਵਿੱਚ ਸੰਗਤ ਠਹਿਰ ਰਹੀ ਹੈ, ਉੱਥੇ ਦੇ ਲੋਕਾਂ ਦਾ ਮੰਨਣਾ ਹੈ ਕਿ ਵਾਹਿਗੁਰੂ ਨੇ ਉਨ੍ਹਾਂ ਨੂੰ ਆਪਣੇ ਘਰਾਂ ਨੂੰ ਪਵਿੱਤਰ ਕਰਨ ਦਾ ਮੌਕਾ ਦਿੱਤਾ ਹੈ।
ਪਿੰਡ ਦੋਨਾ ਦੀਆਂ ਸ਼ਾਨਦਾਰ ਕੋਠੀਆਂ ਸੰਗਤਾਂ ਦੇ ਸਵਾਗਤ ਲਈ ਤਿਆਰ ਹਨ। ਐਪ ਰਾਹੀਂ ਕੋਈ ਵੀ ਇਨ੍ਹਾਂ ਕੋਠੀਆਂ ਨੂੰ ਬੁੱਕ ਕਰਵਾ ਕੇ ਇੱਥੇ ਰਹਿ ਸਕਦਾ ਹੈ। ਦਰਅਸਲ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਸ ਸਮਾਗਮ ਲਈ 'ਪ੍ਰਕਾਸ਼ ਦਿਹਾੜਾ 550' ਨਾਂ ਦੀ ਇੱਕ ਐਪ ਬਣਵਾਈ ਹੈ। ਇਸ ਐਪ ਵਿੱਚ ਪਿੰਡਾਂ ਦੇ ਉਨ੍ਹਾਂ ਸਾਰੇ ਘਰਾਂ ਦੀ ਡਿਟੇਲ ਹੈ ਜਿੱਥੇ-ਜਿੱਥੇ ਸੰਗਤ ਨੂੰ ਠਹਿਰਾਇਆ ਜਾ ਸਕਦਾ ਹੈ। ਇਹ ਸਾਰੀਆਂ ਕੋਠੀਆਂ ਸੰਗਤਾਂ ਦੇ ਸਵਾਗਤ ਲਈ ਹਨ।
ਲੋਕ ਐਪ ਰਾਹੀਂ ਇੱਥੇ ਬੁਕਿੰਗ ਕਰਵਾਉਂਦੇ ਹਨ। ਬੁਕਿੰਗ ਤੋਂ ਬਾਅਦ ਇਨ੍ਹਾਂ ਨੂੰ ਫੋਨ ਤੇ ਐਸਐਮਐਸ ਰਾਹੀਂ ਜਾਣਕਾਰੀ ਮਿਲਦੀ ਹੈ ਕਿ ਕਿੰਨੇ ਲੋਕ ਇਨ੍ਹਾਂ ਕੋਲ ਕਦੋਂ ਠਹਿਰਣ ਆ ਰਹੇ ਹਨ। ਇਹ ਆਪਣੀਆਂ ਗੱਡੀਆਂ ਵਿੱਚ ਜਾ ਕੇ ਇਨ੍ਹਾਂ ਨੂੰ ਘਰ ਲੈ ਕੇ ਆਉਂਦੇ ਹਨ ਤੇ ਰਾਤ ਰਹਿ ਕੇ ਸਵੇਰੇ ਬੇਰ ਸਾਹਿਬ ਗੁਰਦੁਆਰੇ ਛੱਡਿਆ ਜਾਂਦਾ ਹੈ।
ਸੰਗਤ ਦੀ ਸੇਵਾ ਕਰਕੇ ਇਹ ਪਰਿਵਾਰ ਬੜੇ ਖੁਸ਼ ਹਨ। ਇਨ੍ਹਾਂ ਨੂੰ ਲੱਗਦਾ ਹੈ ਕਿ ਵਾਹਿਗੁਰੂ ਨੇ ਇਨ੍ਹਾਂ ਨੂੰ ਸੇਵਾ ਦਾ ਜਿਹੜਾ ਮੌਕਾ ਦਿੱਤਾ ਹੈ, ਉਹ ਬੜੀ ਵੱਡੀ ਗੱਲ ਹੈ। ਇਸ ਲਈ ਉਹ ਕਿਸੇ ਵੀ ਤਰ੍ਹਾਂ ਦੀ ਘਾਟ ਨਹੀਂ ਆਉਣ ਦੇਣਾ ਚਾਹੁੰਦੇ। ਸੁਲਤਾਨਪੁਰ ਲੋਧੀ ਵਿੱਚ ਸੇਵਾ ਭਾਵਨਾ ਦਾ ਲੰਗਰ ਵੀ ਚੱਲ ਰਿਹਾ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ ਇਹ ਇੱਥੇ ਆ ਕੇ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਮਹਿਸੂਸ ਕਰ ਰਹੇ ਹਨ।