ਚੰਡੀਗੜ੍ਹ: ਸਿੱਖ ਜਥੇਬੰਦੀਆਂ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਲਈ ਪੁਲਿਸ ਉੱਪਰ ਦਬਾਅ ਬਣਾਇਆ ਹੈ। ਬਲਵੰਤ ਸਿੰਘ ਮੁਲਤਾਨੀ ਕੇਸ ਵਿੱਚ ਜ਼ਮਾਨਤ ਅਰਜ਼ੀ ਰੱਦ ਹੋਣ ਮਗਰੋਂ ਸੈਣੀ ਰੂਪੋਸ਼ ਹੈ। ਇਸ ਲਈ ਪੁਲਿਸ ਉੱਪਰ ਸਵਾਲ ਉੱਠ ਰਹੇ ਹਨ ਕਿ ਇੰਨੇ ਦਿਨਾਂ ਮਗਰੋਂ ਵੀ ਸੈਣੀ ਦੀ ਗ੍ਰਿਫਤਾਰੀ ਕਿਉਂ ਨਹੀਂ ਹੋ ਰਹੀ।


ਉਧਰ, ਪੰਜਾਬ ਸਰਕਾਰ ਸੈਣੀ ਨੂੰ ਭਗੌੜਾ ਅਪਰਾਧੀ ਐਲਾਨ ਕਰਨ ਲਈ ਪ੍ਰਕਿਰਿਆ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ। ਵਿਸ਼ੇਸ਼ ਸਰਕਾਰੀ ਵਕੀਲ ਸਰਤੇਜ ਸਿੰਘ ਨਰੂਲਾ ਨੇ ਮੁਤਾਬਕ ਜੇਕਰ ਸੈਣੀ ਖ਼ੁਦ ਆਤਮ-ਸਮਰਪਣ ਨਹੀਂ ਕਰਦੇ ਜਾਂ ਪੁਲਿਸ ਜਲਦੀ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰਦੀ ਤਾਂ ਸਰਕਾਰ ਵੱਲੋਂ ਉਸ ਨੂੰ ਭਗੌੜਾ ਮੁਲਜ਼ਮ ਐਲਾਨ ਕਰਵਾਉਣ ਲਈ ਅਗਲੇ ਹਫ਼ਤੇ ਅਦਾਲਤ ਵਿੱਚ ਅਪੀਲ ਦਾਇਰ ਕੀਤੀ ਜਾਵੇਗੀ।

ਇਸ ਦੇ ਨਾਲ ਹੀ ਸੈਣੀ ਦੀ ਗ੍ਰਿਫ਼ਤਾਰੀ ਲਈ ਦਲ ਖਾਲਸਾ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਤੇ ਕਰਾਉਣ ਵਾਲੇ ਨੂੰ ਬਹਾਦਰੀ ਇਨਾਮ ਦੇਣ ਦਾ ਐਲਾਨ ਕੀਤਾ ਹੈ। ਬੁੱਧਵਾਰ ਅੰਮ੍ਰਿਤਸਰ ਵਿਖੇ ਵੱਖ-ਵੱਖ ਗਰਮ ਖਿਆਲੀ ਦਲਾਂ ਦੇ ਲੀਡਰਾਂ ਦੀ ਮੀਟਿੰਗ ਮਗਰੋਂ ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ, ਅਕਾਲ ਫੈਡਰੇਸ਼ਨ ਦੇ ਨਰਾਇਣ ਸਿੰਘ ਤੇ ਅਕਾਲੀ ਦਲ (ਅ) ਦੇ ਹਰਬੀਰ ਸਿੰਘ ਸੰਧੂ ਨੇ ਸਾਬਕਾ ਡੀਜੀਪੀ ਦੀ ਗ੍ਰਿਫ਼ਤਾਰੀ ਲਈ ਪੋਸਟਰ ਵੀ ਜਾਰੀ ਕੀਤਾ ਹੈ।


ਇਸ ਪੋਸਟਰ ਵਿੱਚ ਉਸ ਨੂੰ ਕਾਨੂੰਨ ਤੇ ਸੂਬੇ ਦੇ ਲੋਕਾਂ ਦਾ ਭਗੌੜਾ ਆਖਿਆ ਹੈ। ਪੋਸਟਰ ’ਤੇ ਕਿਲਰ ਐਕਸ ਕੋਪ ਵਾਂਟੇਡ ਲਿਖਿਆ ਹੋਇਆ ਹੈ ਤੇ ਉਸ ਦੀ ਤਸਵੀਰ ਲੱਗੀ ਹੋਈ ਹੈ। ਪੋਸਟਰ ’ਤੇ ਗ੍ਰਿਫ਼ਤਾਰ ਕਰਨ ਤੇ ਕਰਾਉਣ ਵਾਲਿਆਂ ਨੂੰ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਵੀ ਐਲਾਨ ਕੀਤਾ ਹੋਇਆ ਹੈ। ਇਸ ਸਬੰਧੀ ਪੰਜਾਬ ਤੇ ਦਿੱਲੀ ਸਮੇਤ ਹੋਰ ਥਾਵਾਂ ’ਤੇ ਇਹ ਪੋਸਟਰ ਲਾਏ ਜਾ ਰਹੇ ਹਨ। ਗ੍ਰਿਫ਼ਤਾਰ ਕਰਨ ਤੇ ਕਰਾਉਣ ਵਾਲੇ ਨੂੰ ਗੋਲਡ ਮੈਡਲ ਦਿੱਤਾ ਜਾਵੇਗਾ।