ਗਗਨਦੀਪ ਸ਼ਰਮਾ, ਅੰਮ੍ਰਿਤਸਰ 

 

ਅੰਮ੍ਰਿਤਸਰ : ਪੰਜਾਬ 'ਚ ਆਮ ਤੌਰ 'ਤੇ ਪੂਰੀ ਗਰਮੀ ਤੇ ਲੂ ਮਈ ਮਹੀਨੇ 'ਚ ਪੈਂਦੀ ਹੈ ਪਰ ਇਸ ਵਾਰ ਪੱਛਮੀ ਗੜਬੜੀ ਕਰਕੇ ਅਪ੍ਰੈਲ ਮਹੀਨੇ 'ਚ ਗਰਮੀ ਨੇ ਲੋਕਾਂ ਦੇ ਵੱਟ ਕੱਢ ਦਿੱਤੇ ਹਨ ਤੇ ਰਹਿੰਦੀ ਕਸਰ ਬਿਜਲੀ ਦੇ ਲੰਬੇ ਲੰਬੇ ਕੱਟਾਂ ਨੇ ਕੱਢਣੀ ਸ਼ੁਰੂ ਕਰ ਦਿੱਤੀ ਹੈ। ਅੰਮ੍ਰਿਤਸਰ ਸ਼ਹਿਰ 'ਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਸਖਤ ਗਰਮੀ ਪੈ ਰਹੀ ਹੈ ਤੇ ਲੂ ਵੱਗ ਰਹੀ ਹੈ ਤੇ ਅਜਿਹੇ 'ਚ ਲੋਕ ਜਿਆਦਾਤਰ ਘਰਾਂ 'ਚ ਹੀ ਵੱਧ ਤੋਂ ਵੱਧ ਰਹਿ ਕੇ ਆਪਣਾ ਬਚਾਅ ਕਰ ਰਹੇ ਹਨ।
 

ਅੰਮ੍ਰਿਤਸਰ 'ਚ ਤਾਂ ਸਿਹਤ ਵਿਭਾਗ ਨੇ ਬਕਾਇਦਾ ਹਦਾਇਤ ਜਾਰੀ ਕੀਤੀ ਹੋਈ ਹੈ ਕਿ ਲੋਕ 12 ਤੋਂ 3 ਵਜੇ ਤੱਕ ਘਰਾਂ 'ਚ ਰਹਿਣ ਤੇ ਜਰੂਰਤ ਪੈਣ 'ਤੇ ਹੀ ਘਰਾਂ ਤੋਂ ਨਿਕਲਣ ਪਰ ਦੂਜੇ ਪਾਸੇ ਬੇਤਹਾਸ਼ਾ ਗਰਮੀ 'ਚ ਇਸ ਵਾਰ ਅਪ੍ਰੈਲ ਮਹੀਨੇ 'ਚ ਹੀ ਕੱਟ ਲੱਗਣੇ ਸ਼ੁਰੂ ਹੋ ਗਏ ਹਨ, ਜਿਸ ਕਰਕੇ ਲੋਕ ਬੇਹਾਲ ਹੋ ਰਹੇ ਹਨ। ਅੰਮ੍ਰਿਤਸਰ ਸ਼ਹਿਰ ਦੇ ਅੰਦਰੂਨੀ ਸ਼ਹਿਰ (ਵਾਲਡ ਸਿਟੀ) ਤੇ ਬਾਹਰੀ ਖੇਤਰਾਂ 'ਚ ਪਿਛਲੇ ਇਕ ਹਫਤੇ ਤੋਂ ਬਿਜਲੀ ਦੇ ਕੱਟਾਂ ਦੀ ਖਬਰਾਂ ਆ ਰਹੀਆਂ ਹਨ, ਜਿਨਾਂ 'ਚ ਸਵੇਰ ਵੇਲੇ, ਦੁਪਹਿਰ ਵੇਲੇ ਤੇ ਰਾਤ ਵੇਲੇ ਦੋ ਦੋ ਘੰਟੇ ਬਿਜਲੀ ਦੇ ਕੱਟ ਸ਼ਾਮਲ ਹਨ। 

 

ਆਮ ਤੌਰ 'ਤੇ ਜਿਵੇਂ -ਜਿਵੇਂ ਗਰਮੀ ਦਾ ਪ੍ਰਕੋਪ ਵੱਧਦਾ ਹੈ, ਬਿਜਲੀ ਦੀ ਖਪਤ ਵੀ ਵਧ ਜਾਂਦੀ ਹੈ ਤੇ ਜੂਨ ਜੁਲਾਈ, ਜਿਸ ਵੇਲੇ ਝੋਨੇ ਦੀ ਬਿਜਾਈ ਸ਼ੁਰੂ ਹੁੰਦੀ ਹੈ, 'ਚ ਕੱਟ ਲੱਗਣ ਦੀ ਸੰਭਾਵਨਾ ਰਹਿੰਦੀ ਹੈ ਪਰ ਇਸ ਵਾਰ ਅਪ੍ਰੈਲ 'ਚ ਕੱਟਾਂ ਨੇ ਬੁਰਾ ਹਾਲ ਕਰ ਦਿੱਤਾ ਹੈ। ਅੰਮ੍ਰਿਤਸਰ ਸ਼ਹਿਰ ਤੋਂ ਇਲਾਵਾ ਜ਼ਿਲੇ ਦੇ ਕਈ ਕਸਬਿਆਂ ਸ਼ਹਿਰਾਂ 'ਚੋ ਵੀ ਬਿਜਲੀ ਕੱਟਾਂ ਦੀਆਂ ਖ਼ਬਰਾਂ ਆ ਰਹੀਆਂ ਹਨ। 

 

ਮਾਝੇ ਨਾਲ ਸੰਬੰਧਤ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਬੀਤੇ ਦਿਨੀ ਕਿਹਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੀ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ ਤੇ ਸਰਕਾਰ ਵੱਲੋਂ ਬਿਜਲੀ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ ਜਦਕਿ ਵਿਰੋਧੀਆਂ ਨੇ ਸਰਕਾਰ ਦੀ ਕਾਰਗੁਜਾਰੀ 'ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ ਤੇ ਜੇਕਰ ਹਾਲਾਤ ਨਾ ਸੁਧਰੇ ਤਾਂ ਆਉਣ ਵਾਲੇ ਦਿਨਾਂ ਗਰਮੀ ਹੋਰ ਵਧਣ ਨਾਲ ਲੋਕ ਬੇਹਾਲ ਤਾਂ ਹੋਣਗੇ ਪਰ ਸਰਕਾਰ ਲਈ ਮੁਸ਼ਕਲ ਹੋਵੇਗੀ।