ਗੁਰਦਸਪੁਰ: ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਬਲਾਤਕਾਰ ਦੇ ਮਾਮਲੇ 'ਚ ਜ਼ਮਾਨਤ ਮਿਲਣ ਮਗਰੋਂ ਗੁਰਦਸਪੁਰ ਦੀ ਅਦਾਲਤ 'ਚ ਸ਼ਕਤੀ ਪ੍ਰਦਰਸਨ ਕੀਤਾ। ਪੇਸ਼ੀ ਭੁਗਤਨ ਪਹੁੰਚੇ ਲੰਗਾਹ ਨੇ ਆਪਣੇ ਸਮਰਥਕਾਂ ਨਾਲ ਅਦਾਲਤ ਨੂੰ ਹੀ ਰੈਲੀ ਗਰਾਊਂਡ ਬਣਾ ਦਿੱਤਾ। ਹਾਲਾਂਕਿ ਪੇਸ਼ੀ ਦੌਰਾਨ ਲੰਗਾਹ ਖਿਲਾਫ ਗਵਾਹੀਆਂ ਚੱਲ ਰਹੀਆਂ ਹਨ, ਪਰ ਬਲਾਤਕਾਰ ਦੀ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਾਪਸ ਲੈ ਲਈ ਹੈ। ਲੰਗਾਹ ਦੇ ਪੇਸ਼ੀ ਮੌਕੇ ਵੱਡੇ ਗਿਣਤੀ ਸਮਰਥਕ ਇਕੱਠੇ ਹੋਏ। ਇਸ ਦੌਰਾਨ ਲੰਗਾਹ ਨੇ ਸੰਕੇਤ ਦਿੱਤਾ ਕਿ ਅਜੇ ਵੀ ਲੋਕ ਉਨ੍ਹਾਂ ਦੇ ਨਾਲ ਹਨ। ਸੁੱਚਾ ਸਿੰਘ ਨੇ ਬਲਾਤਕਾਰ ਦੇ ਮਾਮਲੇ 'ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਸੱਚੇ ਸਿੱਖ ਹਨ। ਹੁਣ ਉਹ ਆਪਣੇ ਸਮਰਥਕਾਂ ਨਾਲ ਅਕਾਲ ਤਖ਼ਤ ਸਾਹਿਬ ਨਤਮਸਤਕ ਹੋਣਗੇ। ਲੰਗਾਹ ਦੇ ਅਕਾਲ ਤਖ਼ਤ ਜਾਣ ਦੇ ਐਲਾਨ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੇ ਕਿਹਾ ਕਿ ਲੰਗਾਹ ਨੂੰ ਸਿੱਖ ਪੰਥ ਵਿੱਚੋਂ ਸ਼ੇਕਿਆ ਗਿਆ ਹੈ। ਇਸ ਦੇ ਬਾਵਜੂਦ ਉਹ ਅਕਾਲ ਤਖ਼ਤ ਜਾਣ ਦੀ ਗੱਲ ਕਰ ਰਹੇ ਹਨ। ਕਮੇਟੀ ਨੇ ਅਕਾਲ ਤਖ਼ਤ ਦੇ ਜਥੇਦਾਰ ਤੋਂ ਮੰਗ ਕੀਤੀ ਕਿ ਲੰਗਾਹ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।