Punjab News: ਵਿਜੀਲੈਂਸ ਬਿਊਰੋ ਨੇ ਸ਼ਨੀਵਾਰ ਨੂੰ ਪੰਜਾਬ ਦੇ ਪ੍ਰਮੁੱਖ ਰੀਅਲ ਅਸਟੇਟ ਕਾਰੋਬਾਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਰਣਜੀਤ ਸਿੰਘ ਗਿੱਲ ਦੇ ਚੰਡੀਗੜ੍ਹ ਸਥਿਤ ਘਰ 'ਤੇ ਛਾਪਾ ਮਾਰਿਆ। ਇਹ ਛਾਪਾ ਉਸ ਸਮੇਂ ਸੁਰਖੀਆਂ ਵਿੱਚ ਆਇਆ ਜਦੋਂ ਇਹ ਖੁਲਾਸਾ ਹੋਇਆ ਕਿ ਗਿੱਲ ਸਿਰਫ਼ 12 ਘੰਟੇ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ (BJP) ਵਿੱਚ ਸ਼ਾਮਲ ਹੋ ਗਿਆ ਸੀ। ਇਸ ਨੂੰ ਲੈ ਕੇ ਹੁਣ ਭਾਜਪਾ ਵੱਲੋਂ ਸਵਾਲ ਖੜ੍ਹੇ ਕੀਤੇ ਗਏ ਹਨ ਪਰ ਹੁਣ ਇਸ ਉੱਤੇ ਆਮ ਆਦਮੀ ਪਾਰਟੀ ਵੱਲੋਂ ਮੋੜਵਾਂ ਜਵਾਬ ਆਇਆ ਹੈ।

ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਜਾਖੜ ਸਾਹਿਬ, ਸਰਕਾਰ ਦੀ ਮਨਸ਼ਾ ਜਾਂ ਸਰਕਾਰ ਉੱਪਰ ਵਿਸ਼ਵਾਸ ਦੀ ਗੱਲ ਤਾਂ ਬਾਅਦ ‘ਚ, ਇਹ ਫ਼ੋਟੋ ਦੇਖ ਕੇ ਤਾਂ ਇੰਝ ਲੱਗਦਾ ਹੈ ਕਿ ਸ.ਰਣਜੀਤ ਸਿੰਘ ਗਿੱਲ ਨੂੰ ਤੁਹਾਡੀ ਲੀਡਰਸ਼ਿਪ ਵਿੱਚ ਵੀ ਵਿਸ਼ਵਾਸ ਨਹੀਂ ਜਿਨ੍ਹਾਂ ਨੇ ਬਿਨਾਂ ਕਿਸੇ ਪੰਜਾਬ ਦੇ ਲੀਡਰ ਦੇ ਅੱਧੀ ਰਾਤ ਨੂੰ ਲੁੱਕ ਕੇ ਹਰਿਆਣਾ ਦੇ ਮੁੱਖ ਮੰਤਰੀ ਰਾਹੀਂ ਭਾਜਪਾ ਵਿੱਚ ਸ਼ਮੂਲੀਅਤ ਕੀਤੀ

ਦੱਸ ਦਈਏ ਕਿ ਇਸ ਤੋਂ ਪਹਿਲਾਂ ਸੁਨੀਲ ਜਾਖੜ ਨੇ ਸਰਕਾਰ ਉੱਤੇ ਸਵਾਲ ਚੁੱਕਦਿਆਂ ਕਿਹਾ ਸੀ ਕਿ ਰਣਜੀਤ ਸਿੰਘ ਗਿੱਲ ਤੇ ਵਿਜੀਲੈਂਸ ਰੇਡ ਦੀ ਟਾਈਮਿੰਗ ਸਰਕਾਰ ਦੇ ਹੰਕਾਰ ਦਾ ਪ੍ਰਗਟਾਵਾ ਹੈ। ਜਿਹੜੀ ਸਰਕਾਰ ਖੁਦ ਭੂ ਮਾਫੀਆ ਦਾ ਰੂਪ ਅਖਤਿਆਰ ਕਰ ਚੁੱਕੀ ਹੈ, ਉਸਨੂੰ ਇਹ ਗਵਾਰਾ ਨਹੀਂ ਕਿ ਕੋਈ ਬਿਲਡਰ ਆਪਣੀ ਇੱਛਾ ਨਾਲ ਆਪਣਾ ਕੋਈ ਰਾਜਨੀਤਿਕ ਰਾਹ ਚੁਣ ਸਕੇ। ਵਿਰੋਧੀ ਵਿਚਾਰਧਾਰਾ ਵਾਲਿਆਂ ਨੂੰ ਡਰਾਉਣ ਧਮਕਾਉਣ ਲਈ ਸਰਕਾਰ ਦੇ ਇਸ ਤਰ੍ਹਾਂ ਦੇ ਹੱਥ ਕੰਡੇ ਜਿੱਥੇ ਸਰਕਾਰ ਦੀ ਮਨਸ਼ਾ ਉਜਾਗਰ ਕਰਦੇ ਹਨ, ਉਥੇ ਹੀ ਇਹ ਲੋਕਤੰਤਰ  ਦੇ ਬਿਲਕੁਲ ਖਿਲਾਫ ਹੈ।

ਜਾਣਕਾਰੀ ਮੁਤਾਬਕ, ਰਣਜੀਤ ਸਿੰਘ ਦੇ ਘਰ ਤੋਂ ਇਲਾਵਾ, ਵਿਜੀਲੈਂਸ ਟੀਮਾਂ ਮੋਹਾਲੀ ਅਤੇ ਖਰੜ ਦੇ ਦਫਤਰਾਂ ਵਿੱਚ ਵੀ ਪਹੁੰਚ ਗਈਆਂ ਹਨ। ਗਿੱਲ ਸ਼ੁੱਕਰਵਾਰ ਸ਼ਾਮ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਸਰਕਾਰੀ ਨਿਵਾਸ ਸਥਾਨ 'ਤੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਅਤੇ ਪਾਰਟੀ ਦੀਆਂ ਨੀਤੀਆਂ ਵਿੱਚ ਵਿਸ਼ਵਾਸ ਪ੍ਰਗਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿੱਚ ਭਾਜਪਾ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਗੇ।

ਛਾਪੇਮਾਰੀ ਦੇ ਸਮੇਂ ਨੂੰ ਲੈ ਕੇ ਰਾਜਨੀਤਿਕ ਹਲਕਿਆਂ ਵਿੱਚ ਵੀ ਚਰਚਾਵਾਂ ਤੇਜ਼ ਹੋ ਗਈਆਂ ਹਨ। ਹਾਲਾਂਕਿ, ਹੁਣ ਤੱਕ ਵਿਜੀਲੈਂਸ ਵਿਭਾਗ ਨੇ ਛਾਪੇਮਾਰੀ ਸੰਬੰਧੀ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ।