Patiala News: ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਤਿੱਖਾ ਹਮਲਾ ਬੋਲਿਆ ਹੈ। ਜਾਖੜ ਨੇ ਕਿਹਾ ਹੈ ਕਿ ਸੀਐਮ ਮਾਨ 5000 ਕਰੋੜ ਰੁਪਏ ਦੀ ਗੱਲ ਕਰ ਰਹੇ ਹਨ ਪਰ ਇਹ ਨਹੀਂ ਦੱਸਦੇ ਕਿ ਸੂਬਾ ਸਰਕਾਰ ਕੋਲ ਕੇਂਦਰ ਦੇ 8000 ਕਰੋੜ ਰੁਪਏ ਅਣਵਰਤੇ ਪਏ ਹਨ। ਉਨ੍ਹਾਂ ਕਿਹਾ ਕਿ ਸੀਐਮ ਮਾਨ ਪਹਿਲਾਂ ਉਸ ਨੂੰ ਤਾਂ ਵਰਤ ਲੈਣ ਬਾਕੀ ਗੱਲ ਫਿਰ ਕਰਨ। 



ਸੁਨੀਲ ਜਾਖੜ ਬੁੱਧਵਾਰ ਨੂੰ ਵਿਕਸਤ ਭਾਰਤ ਸੰਕਲਪ ਯਾਤਰਾ ਤਹਿਤ ਰਾਜਪੁਰਾ ਪੁੱਜੇ ਸਨ। ਇਸ ਦੌਰਾਨ ਜਾਖੜ ਨੇ ਕਿਹਾ ਕਿ ਰੇਤ ਦੀਆਂ ਕੀਮਤਾਂ ਦੇ ਸਬੰਧ ਵਿੱਚ ‘ਆਪ’ ਸਰਕਾਰ ਦੇ ਮੰਤਰੀ ਨੇ ਖ਼ੁਦ ਮੰਨਿਆ ਹੈ ਕਿ ਰੇਤਾ ਪੰਜ ਰੁਪਏ ਦੀ ਥਾਂ 45 ਰੁਪਏ ਦਾ ਵਿਕ ਰਿਹਾ ਹੈ। 


ਉਨ੍ਹਾਂ ਕਿਹਾ ਕਿ ਵੋਟਾਂ ਤੋਂ ਪਹਿਲਾਂ ਭਗਵੰਤ ਮਾਨ ਨੇ ਕਿਹਾ ਸੀ ਕਿ ਉਹ 20 ਹਜ਼ਾਰ ਕਰੋੜ ਰੁਪਏ ਰੇਤੇ ਵਿੱਚੋਂ ਤੇ 40 ਹਜ਼ਾਰ ਕਰੋੜ ਰੁਪਏ ਐਕਸਾਈਜ਼ ਵਿੱਚੋਂ ਕੱਢਣਗੇ। ਉਨ੍ਹਾਂ ਕਿਹਾ ਕਿ ਸੀਐਮ ਮਾਨ ਪੈਸਾ ਕੱਢ ਵੀ ਰਹੇ ਹਨ ਪਰ ਉਹ ਪੈਸਾ ਪੰਜਾਬ ਦੇ ਖ਼ਜ਼ਾਨੇ ਵਿੱਚ ਨਹੀਂ ਜਾ ਰਿਹਾ ਸਗੋਂ ਦਿੱਲੀ ਜਾ ਰਿਹਾ ਹੈ। ਉਨ੍ਹਾਂ ਤਨਜ਼ ਕੱਸਿਆ ਕਿ ਪੰਜਾਬ ਦਾ ਅਸਲੀ ਮੁੱਖ ਮੰਤਰੀ ਤਾਂ ਅਰਵਿੰਦ ਕੇਜਰੀਵਾਲ ਹੈ, ਭਗਵੰਤ ਮਾਨ ਤਾਂ ਸਿਰਫ ਮੁਖੌਟਾ ਹੈ। 



ਜਾਖੜ ਨੇ ਕਿਹਾ ਕਿ ਐਸਵਾਈਐਲ ਨਹਿਰ ਸਬੰਧੀ ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਦਾ ਸਟੈਂਡ ਬਿਲਕੁਲ ਸਪੱਸ਼ਟ ਹੈ ਕਿ ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਵਾਧੂ ਪਾਣੀ ਨਹੀਂ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਆਪਣਾ ਸਟੈਂਡ ਸਪੱਸ਼ਟ ਕਰੇ।