Sunil Jakhar makes serious charges of corruption on Charanjit Singh Channi
Punjab News: ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਕਾਂਗਰਸ ਪਾਰਟੀ ਦੀਆਂ ਦਰਾਰਾਂ ਦਾ ਪਰਦਾਫਾਸ਼ ਕਰ ਦਿੱਤਾ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਆਪਣੀ ਪਾਰਟੀ ਦੇ ਨੇਤਾ ਚਰਨਜੀਤ ਸਿੰਘ ਚੰਨੀ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਹਨ। ਸੁਨੀਲ ਜਾਖੜ ਨੇ ਸਵਾਲ ਉਠਾਇਆ ਹੈ ਕਿ ਜਿਸ ਵਿਅਕਤੀ ਕੋਲ 35 ਕਰੋੜ ਰੁਪਏ ਹਨ, ਉਹ ਗਰੀਬ ਕਿਵੇਂ ਹੋ ਸਕਦਾ ਹੈ।
ਅਸਲ ਵਿੱਚ ਕਾਂਗਰਸ ਪਾਰਟੀ ਨੇ ਵਿਧਾਨ ਸਭਾ ਚੋਣਾਂ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਗਰੀਬ ਆਦਮੀ ਕਹਿ ਕੇ ਚਿਹਰਾ ਬਣਾਇਆ ਸੀ। ਪਾਰਟੀ ਦੀ ਇਹ ਬਾਜ਼ੀ ਬੁਰੀ ਤਰ੍ਹਾਂ ਨਾਲ ਮਾਤ ਖਾ ਗਈ। ਸੁਨੀਲ ਜਾਖੜ ਨੇ ਹਾਰ ਦਾ ਦੋਸ਼ ਚਰਨਜੀਤ ਸਿੰਘ ਚੰਨੀ ਤੇ ਉਨ੍ਹਾਂ ਦਾ ਸਾਥ ਦੇਣ ਵਾਲੇ ਆਗੂਆਂ 'ਤੇ ਮੜ੍ਹਿਆ ਹੈ।
ਸੁਨੀਲ ਜਾਖੜ ਨੇ ਕਿਹਾ ਕਿ "35 ਕਰੋੜ ਰੁਪਏ ਵਾਲਾ ਵਿਅਕਤੀ ਗਰੀਬ ਕਿਵੇਂ ਹੋ ਸਕਦਾ ਹੈ। ਸਾਡਾ ਨਰੇਟਿਵ ਬੁਰੀ ਤਰ੍ਹਾਂ ਫੇਲ੍ਹ ਹੋ ਗਿਆ। ਉਸ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਕੋਲ 10 ਕਰੋੜ ਦੀ ਨਕਦੀ ਮਿਲੀ ਹੈ। ਖਾਤਿਆਂ ਵਿੱਚ 25 ਕਰੋੜ ਰੁਪਏ ਹਨ। ਉਹ ਇਹ ਨਹੀਂ ਦੱਸ ਸਕੇ ਕਿ ਇਹ ਪੈਸਾ ਕਿੱਥੋਂ ਆਇਆ ਹੈ। ਇੱਕ ਵਿਅਕਤੀ ਦੇ ਲਾਲਚ ਨੇ ਪੰਜਾਬ ਵਿੱਚ ਕਾਂਗਰਸ ਪਾਰਟੀ ਦਾ ਬੁਰਾ ਹਾਲ ਕਰ ਦਿੱਤਾ ਹੈ।"
ਸੁਨੀਲ ਜਾਖੜ ਨੇ ਛੱਡੀ ਸਿਆਸਤ
ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਹੁਣ ਠੀਕ ਹੋਣ ਦੀ ਲੋੜ ਹੈ। ਸੀਨੀਅਰ ਕਾਂਗਰਸੀ ਨੇਤਾ ਨੇ ਕਿਹਾ, ''ਸਾਨੂੰ ਹੁਣ ਠੀਕ ਹੋਣ ਦੀ ਲੋੜ ਹੈ। ਕਾਂਗਰਸ ਪਾਰਟੀ ਨੂੰ ਇੱਕ ਭਰੋਸੇਯੋਗ ਚਿਹਰਾ ਸਾਹਮਣੇ ਆਉਣਾ ਚਾਹੀਦਾ ਹੈ ਅਤੇ ਇਸ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਇਆ ਜਾਣਾ ਚਾਹੀਦਾ ਹੈ।"
ਦੱਸ ਦੇਈਏ ਕਿ ਸੁਨੀਲ ਜਾਖੜ ਨੇ ਸਰਗਰਮ ਰਾਜਨੀਤੀ ਨੂੰ ਅਲਵਿਦਾ ਕਹਿ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਤੋਂ ਬਾਅਦ ਸੁਨੀਲ ਜਾਖੜ ਮੁੱਖ ਮੰਤਰੀ ਦੇ ਦਾਅਵੇਦਾਰਾਂ ਚੋਂ ਇੱਕ ਸੀ। ਪਰ ਕਾਂਗਰਸ ਪਾਰਟੀ ਨੇ ਸੁਨੀਲ ਜਾਖੜ ਦੀ ਥਾਂ ਚਰਨਜੀਤ ਸਿੰਘ ਚੰਨੀ 'ਤੇ ਦਾਅ ਲਾਇਆ। ਸੁਨੀਲ ਜਾਖੜ ਪਹਿਲਾਂ ਹੀ ਮੁੱਖ ਮੰਤਰੀ ਨਾ ਬਣਨ ਦਾ ਦਰਦ ਜ਼ਾਹਰ ਕਰ ਚੁੱਕੇ ਹਨ।
ਇਹ ਵੀ ਪੜ੍ਹੋ: RBI ਨੇ ਇਨ੍ਹਾਂ 8 ਬੈਂਕਾਂ 'ਤੇ ਲਾਇਆ ਭਾਰੀ ਜੁਰਮਾਨਾ, ਲਿਸਟ 'ਚ ਚੈੱਕ ਕਰੋ ਕਿਤੇ ਤੁਹਾਡਾ ਅਕਾਉਂਟ ਇਨ੍ਹਾਂ ਬੈਂਕਾਂ 'ਚ ਤਾਂ ਨਹੀਂ...