Punjab News: ਸਾਬਕਾ ਸਾਂਸਦ ਅਤੇ ਸੀਨੀਅਰ ਭਾਜਪਾ ਆਗੂ ਸੁਨੀਲ ਜਾਖੜ ਨੇ ਕੋਟਕਪੁਰਾ ਵਿਖੇ ਇਕ ਡੇਅਰੀ ਦੀ ਦੁਕਾਨ ਬਾਹਰ ਪ੍ਰਦੀਪ ਸ਼ਰਮਾ ਦੇ ਪੰਜ ਹਥਿਆਰਬੰਦ ਲੋਕਾਂ ਵੱਲੋਂ ਪੁਲਸ ਗਾਰਡ ਦੀ ਮੌਜੂਦਗੀ ਵਿੱਚ ਕੀਤੇ ਕਤਲ ਨੂੰ ਮੰਦਭਾਗਾ ਅਤੇ ਖਤਰੇ ਦੀ ਘੰਟੀ ਕਰਾਰ ਦਿੰਦੇ ਹੋਏ ਕਿਹਾ ਕਿ ਅੰਮਿ੍ਤਸਰ ਵਿਖੇ ਸ਼ਿਵਸੇਨਾ ਆਗੂ ਸੁਧੀਰ ਸੂਰੀ ਦਾ ਸੁਰੱਖਿਆ ਘੇਰੇ ਦੇ ਬਾਵਜੂਦ ਕਤਲ ਹੋਣ ਤੋਂ ਬਾਅਦ ਕੋਟਕਪੂਰਾ ਕਾਂਡ ਨੇ ਪੰਜਾਬ ਵਿੱਚ ਕਾਨੂੰਨ ਪ੍ਰਬੰਧ ਬਾਰੇ ਸਵਾਲ ਖੜੇ ਕਰ ਦਿੱਤੇ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਗ੍ਰਹਿ ਵਿਭਾਗ ਵੀ ਹੈ ਲੇਕਿਨ ਉਹ ਅਮਨ ਪਸੰਦ ਲੋਕਾਂ ਨੂੰ ਹਿਲਾ ਦੇਣ ਵਾਲੀਆਂ ਅਜਿਹੀਆਂ ਘਟਨਾਵਾਂ ਦੇ ਬਾਵਜੂਦ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਚੋਣ ਪ੍ਰਚਾਰ ਨੂੰ ਤਰਜੀਹ ਦੇ ਕੇ ਉਸ ਕਹਾਵਤ ਨੂੰ ਸਾਰਥਕ ਬਣਾ ਰਹੇ ਹਨ ਜਿਸ ਵਿੱਚ ਕਿਹਾ ਜਾਂਦਾ ਹੈ ਕਿ ਜਦ ਰੋਮ ਜਲ ਰਿਹਾ ਸੀ ਤਾਂ ਨੀਰੋ ਜੰਗਲ ਵਿੱਚ ਬੈਠਾ ਬਾਂਸੁਰੀ ਵਜਾ ਰਿਹਾ ਸੀ।
ਜਾਖੜ ਨੇ ਕਿਹਾ ਕਿ 1980 ਦੇ ਦਹਾਕੇ ਦੌਰਾਨ ਜਦ ਪੰਜਾਬ ਨੂੰ ਤੋੜਣ ਅਤੇ ਹਿੰਦੂ ਸਿੱਖਾਂ ਵਿਚਕਾਰ ਭਾਈਚਾਰਾ ਖੰਡਿਤ ਕਰਨ ਦੀ ਸਾਜਿਸ਼ ਰਚੀ ਗਈ ਤਾਂ 25000 ਲੋਕਾਂ ਨੇ ਕੁਰਬਾਨੀਆਂ ਦੇ ਕੇ ਉਸਨੂੰ ਨਾਕਾਮ ਬਣਾਇਆ। ਇਹ ਉਸ ਵੇਲੇ ਸੰਭਵ ਹੋਇਆ ਜਦ ਪੁਲਸ ਨੂੰ ਯਕੀਨ ਹੋ ਗਿਆ ਕਿ ਉਹ ਸਿਆਸੀ ਦਖਲ ਅੰਦਾਜੀ ਤੋਂ ਮੁਕਤ ਹੋ ਕੇ ਅਪਣਾ ਫਰਜ ਨਿਭਾਉਣ ਵਿੱਚ ਸਮਰਥ ਹੈ।
ਕਮੋਵੇਸ਼ ਹੁਣ ਵੀ ਅਜਿਹੀ ਸਥਿਤੀ ਨਾ ਪੈਦਾ ਹੋਵੇ ਕਿਉਂਕਿ ਹਾਲਾਤ ਤੇ ਨਜਰ ਰਖਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਨੂੰ ਸ਼ਾਇਦ ਮੌਜੂਦਾ ਸਰਕਾਰ ਦੇ ਆਗੂਆਂ ਤੇ ਭਰੋਸਾ ਨਹੀਂ ਰਿਹਾ ਕਿ ਮਾੜੇ ਅਨਸਰਾਂ ਨੂੰ ਕਰੜੇ ਹੱਥੀ ਲੈਣ ਦੀ ਸਥਿਤੀ ਵਿੱਚ ਪ੍ਰਸ਼ਾਸਨ ਦਾ ਸਾਥ ਦੇਣਗੇ ਕਿ ਨਹੀਂ। ਅਜਿਹਾ ਪ੍ਰਭਾਵ ਬਣ ਰਿਹਾ ਹੈ ਕਿ ਪੰਜਾਬ ਵਿੱਚ ਗੈਂਗਸਟਰਾਂ ਦੀ ਸਮਾਨਾਂਤਰ ਸਰਕਾਰ ਚਲ ਰਹੀ ਹੈ। ਹਰ ਕਤਲ ਦੀ ਜ਼ਿੰਮੇਵਾਰੀ ਕੁਝ ਹੀ ਮਿੰਟਾਂ ਵਿੱਚ ਦੇਸ਼ ਵਿਰੋਧੀ ਅਨਸਰ ਲੈ ਰਹੇ ਹਨ।
ਮਿਠਾਈਆਂ ਵੰਡਿਆਂ ਜਾਂਦੀਆਂ ਹਨ ਜੇਲਾਂ ਵਿੱਚ ਨਸ਼ੀਲੇ ਪਦਾਰਥਾਂ ਅਤੇ ਮੋਬਾਈਲ ਫੋਨ ਬਰਾਮਦ ਹੋਣ ਦਾ ਸਿਲਸਿਲਾ ਜਾਰੀ ਹੈ, ਅਜਿਹਾ ਜਾਪਦਾ ਹੈ ਕਿ ਸਰਕਾਰ ਕਾਨੂੰਨ ਪ੍ਰਬੰਧ ਸੰਭਾਲਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਲੋਕ ਤਾਂ ਇਥੋਂ ਤੱਕ ਪੁੱਛਦੇ ਹਨ ਕਿ ਸਰਕਾਰ ਹੈ ਕਿਥੇ, ਜਿਸ ਦਿਨ ਸੂਰੀ ਦਾ ਕਤਲ ਹੋਇਆ ਉਸੇ ਸ਼ਾਮ ਅੰਮਿ੍ਤਸਰ ਵਿਖੇ ਸ਼ਰਾਬ ਮਾਫਿਆ ਵੱਲੋਂ ਐਨਆਰਆਈ ਦੇ ਵਿਆਹ ਸਮਾਗਮ ਵਿੱਚ ਗੋਲੀਬਾਰੀ ਕਰਨਾ ਸੰਕੇਤ ਕਰਦਾ ਹੈ ਕਿ ਲੋਕਾਂ ਵਿੱਚ ਪੁਲਸ ਪ੍ਰਸ਼ਾਸਨ ਦਾ ਉਕਾ ਹੀ ਡਰ ਨਹੀਂ ਰਿਹਾ।
ਬੇਅਦਬੀ ਕਾਂਡ ਦਾ ਜ਼ਿਕਰ ਕਰਦੇ ਹੋਏ ਜਾਖੜ ਨੇ ਕਿਹਾ ਕਿ ਬਰਗਾੜੀ ਵਿਖੇ ਪੱਕਾ ਮੋਰਚਾ ਆਪ ਸਰਕਾਰ ਦੇ ਗਠਨ ਦੇ 8 ਮਹੀਨੇ ਬੀਤਣ ਬਾਅਦ ਵੀ ਬਰਕਰਾਰ ਹੈ। ਜੇ ਆਪ ਸਰਕਾਰ ਨੇ ਇਸ ਸਮੱਸਿਆ ਦਾ ਹੱਲ ਨਾ ਕੀਤਾ ਅਤੇ ਬੇਅਦਬੀ ਲਈ ਜ਼ਿੰਮੇਵਾਰ ਲੋਕਾਂ ਨੂੰ ਸਜਾ ਨਾ ਮਿਲੀ ਤਾਂ ਇਸਦਾ ਹਸ਼ਰ ਵੀ ਪਿਛਲੀਆਂ ਸਰਕਾਰਾਂ ਵਰਗਾ ਹੋਵੇਗਾ।
ਲੋੜ ਇਸ ਗੱਲ ਹੈ ਕਿ ਮੁੱਖਮੰਤਰੀ ਅਪਣਾ ਨੈਤਿਕ ਅਤੇ ਸੰਵੈਧਾਨਿਕ ਫਰਜ ਪਹਿਚਾਣਦੇ ਹੋਏ ਤੁਰੰਤ ਅਸਰਦਾਰ ਕਦਮ ਚੁੱਕਣ, ਦੂਜੇ ਸੂਬਿਆਂ ਵਿੱਚ ਕਾਮਯਾਬੀ ਦੀ ਚਿੰਤਾ ਛੱਡ ਕੇ ਆਪਣੇ ਰੰਗਲੇ ਪੰਜਾਬ ਦੀ ਸੁੱਧ ਲੈਣ, ਜਿਸਨੂੰ ਫਿਰ ਤੋਂ ਅੱਗ ਦੀਆਂ ਲਪਟਾਂ ਵਿੱਚ ਧਕਣ ਦੇ ਮਨਸੂਬੇ ਬਣੇ ਰਹੇ ਹਨ।