ਚੰਡੀਗੜ੍ਹ: ਆਪਣੀ ਪਾਰਟੀ ਦੀ ਲਗਾਤਾਰ ਅਲੋਚਨਾ ਕਰਨ ਵਾਲੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਅੱਜਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਫੀ ਸ਼ਲਾਘਾ ਕਰ ਰਹੇ ਹਨ। ਇਸ ਕਰਕੇ ਨਵੀਂ ਚਰਚਾ ਛਿੜ ਗਈ ਹੈ। ਸੁਨੀਲ ਜਾਖੜ ਸਾਫ-ਸੁਥਰੇ ਅਕਸ ਵਾਲੇ ਲੀਡਰ ਹਨ ਜਿਨ੍ਹਾਂ ਦੀ ਬਿਆਨਬਾਜ਼ੀ ਦੇ ਕਈ ਅਰਥ ਕੱਢੇ ਜਾ ਰਹੇ ਹਨ।

ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੀ ਆਜ਼ਾਦਾਨਾ ਕਮਾਨ ਨੂੰ ਪੰਜਾਬ ਲਈ ਸ਼ੁਭ ਸ਼ਗਨ ਦੱਸਿਆ ਹੈ। ਜਾਖੜ ਨੇ ਟਵੀਟ ਕਰਕੇ ਭਗਵੰਤ ਮਾਨ ਦੀ ਤਾਰੀਫ਼ ਕੀਤੀ ਹੈ। ਜਾਖੜ ਨੇ ਕਿਹਾ ਕਿ ਭਗਵੰਤ ਮਾਨ ਦੇ ਹੱਥ ਕਮਾਨ ਹੋਣੀ ਚੰਗੀ ਸ਼ੁਰੂਆਤ ਹੈ ਤੇ ਇਹ ਪੰਜਾਬ ਲਈ ਵੀ ਬਿਹਤਰ ਹੋਵੇਗਾ ਕਿ ਜਿਨ੍ਹਾਂ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾਇਆ ਹੈ, ਉਹੀ ਲੋਕ ਹੀ ਪੰਜਾਬ ਲਈ ਫ਼ੈਸਲੇ ਲੈਣਗੇ।

ਜਾਖੜ ਨੇ ਕਿਹਾ ਕਿ ਚੰਗਾ ਹੈ ਕਿ ਭਗਵੰਤ ਮਾਨ ਨੂੰ ਬਤੌਰ ਮੁੱਖ ਮੰਤਰੀ ਖ਼ੁਦਮੁਖ਼ਤਿਆਰੀ ਮਿਲ ਗਈ ਹੈ ਤੇ ਇਸ ਨਾਲ ਪੰਜਾਬ ਦੀ ਬਿਹਤਰੀ ਦੀ ਆਸ ਵੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤ ਤਾਂ ਠੀਕ ਹੋਈ ਹੈ ਤੇ ਅੱਗੇ ‘ਆਪ’ ਸਰਕਾਰ ਦੇ ਕੰਮ ਕਾਰ ਤੋਂ ਪਤਾ ਲੱਗੇਗਾ।

ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਮੀਟਿੰਗ ਵਿੱਚ ਸਪੱਸ਼ਟ ਇਸ਼ਾਰਾ ਕੀਤਾ ਕਿ ਭਗਵੰਤ ਮਾਨ ਹੀ ਟੀਮ ਦੇ ਲੀਡਰ ਹੋਣਗੇ ਤੇ ਉਹ (ਕੇਜਰੀਵਾਲ) ਗਾਈਡ ਵਜੋਂ ਹੀ ਕੰਮ ਕਰਨਗੇ।

ਇਸੇ ਦੌਰਾਨ ਜਾਖੜ ਨੇ ਕਿਹਾ ਕਿ 10 ਕੈਬਨਿਟ ਮੰਤਰੀਆਂ ਨੂੰ ਜਦੋਂ ਸਹੁੰ ਚੁਕਾਈ ਗਈ ਤਾਂ ਉਸ ਵਕਤ ‘ਆਪ’ ਦੀ ਕੇਂਦਰੀ ਲੀਡਰਸ਼ਿਪ ਮੌਜੂਦ ਨਹੀਂ ਸੀ ਜਿਸ ਤੋਂ ਜਾਪਦਾ ਸੀ ਕਿ ਕੋਈ ਅੰਦਰੋਂ ਮਨ ਮੁਟਾਵ ਹੈ। ਚੇਤੇ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਜਿਸ ਵਕਤ ਮੁੱਖ ਮੰਤਰੀ ਸਨ ਤਾਂ ਉਦੋਂ ਅਫ਼ਸਰਸ਼ਾਹੀ ਹੱਥ ਕਮਾਨ ਹੋਣ ’ਤੇ ਟਿੱਪਣੀ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਸੀ ਕਿ ਅਮਰਿੰਦਰ ਸਿੰਘ ਨੂੰ ਕਮਾਨ ਆਪਣੇ ਹੱਥ ਲੈਣੀ ਚਾਹੀਦੀ ਹੈ।