DM Gagandeep Randhawa Suicide Case  : ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਡਾ. ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਮਾਮਲੇ 'ਚ ਵੱਡੀ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਵੱਲੋਂ ‘ਆਪ’ ਦੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਦੇ ਨਾਲ ਹੀ ਲਾਲਜੀਤ ਭੁੱਲਰ ਦੇ PA ਦਿਲਬਾਗ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

Continues below advertisement

ਜਿਸ ਤੋਂ ਬਾਅਦ ਪੰਜਾਬ BJP ਪ੍ਰਧਾਨ ਸੁਨੀਲ ਜਾਖੜ ਨੇ ਆਪ ਸਰਕਾਰ 'ਤੇ ਤੰਜ ਕੱਸਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡਿਆ X 'ਤੇ ਪੋਸਟ ਸਾਂਝੀ ਕੀਤੀ ਹੈ ਜਿਸ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਲਾਲਜੀਤ ਭੁੱਲਰ ਦੀ ਗ੍ਰਿਫਤਾਰੀ ਲਈ ਆਪ ਸਰਕਾਰ ਨੂੰ ਇਸ ਲਈ ਮਜਬੂਰ ਹੋਣਾ ਪਿਆ ਕਿਉਂਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਇਸ ਕੇਸ ਦੀ ਜਾਂਚ ਸੀਬੀਆਈ ਨੂੰ ਦੇਣ ਦਾ ਸੰਕੇਤ ਦਿੱਤਾ ਸੀ। 

ਭਗਵੰਤ ਮਾਨ ਸਰਕਾਰ ਜਾਣਦੀ ਹੈ ਕਿ ਜੇਕਰ ਕੇਸ ਸੀਬੀਆਈ ਕੋਲ ਗਿਆ ਤਾਂ ਇਸ ਕੱਟੜ ਬੇਈਮਾਨ ਸਰਕਾਰ ਦੇ ਹੋਰ ਕਈ ਰਾਜ ਖੁੱਲ੍ਹ ਸਕਦੇ ਹਨ ਅਤੇ ਇਹ ਵੀ ਪਤਾ ਲੱਗ ਸਕਦਾ ਹੈ ਕਿ ਮੰਤਰੀ ਪੈਸੇ ਇੱਕਠੇ ਕਰਕੇ ਕਿੱਥੇ ਕਿੱਥੇ ਭੇਜਦਾ ਸੀ ਪਰ ਹਾਲੇ ਲੜਾਈ ਮੁੱਕੀ ਨਹੀਂ। ਨਿਰਪੱਖ ਜਾਂਚ ਜ਼ਰੂਰੀ ਹੈ। ਇਹ ਸਰਕਾਰ ਜਾਂਚ ਬਹਾਨੇ ਕੇਸ ਨੂੰ ਲਮਕਾਉਣ ਦਾ ਯਤਨ ਨਾ ਕਰੇ।

Continues below advertisement

ਹੁਣ ਸੀਬੀਆਈ ਨੂੰ ਸੌਂਪੀ ਜਾ ਸਕਦੀ ਮਾਮਲੇ ਦੀ ਜਾਂਚ

ਸੋਮਵਾਰ ਨੂੰ ਕਾਂਗਰਸ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਲੋਕ ਸਭਾ ਵਿੱਚ ਇਹ ਮੁੱਦਾ ਉਠਾਇਆ, ਜਿਸ ਕਾਰਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਉਹ ਜਾਂਚ ਸੀਬੀਆਈ ਨੂੰ ਸੌਂਪ ਦੇਣਗੇ।  ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਵਿੱਚ ਕਿਹਾ, "ਇਹ ਪੰਜਾਬ ਰਾਜ ਦਾ ਮਾਮਲਾ ਹੈ। ਪੰਜਾਬ ਦੇ ਸਾਰੇ ਸੰਸਦ ਮੈਂਬਰ ਲਿਖ ਕੇ ਦੇਣ ਤਾਂ ਤੁਰੰਤ ਇਹ ਮਾਮਲਾ ਸੀ.ਬੀ.ਆਈ. ਨੂੰ ਟਰਾਂਸਫਰ ਕਰ ਦਿੱਤਾ ਜਾਵੇਗਾ।

ਇਸ ਤੋਂ ਬਾਅਦ ਸੱਤ ਕਾਂਗਰਸ ਸੰਸਦ ਮੈਂਬਰਾਂ ਵਿੱਚੋਂ ਚਾਰ ਨੇ ਅਮਿਤ ਸ਼ਾਹ ਨੂੰ ਇੱਕ ਪੱਤਰ ਭੇਜਿਆ। ਪੱਤਰ 'ਤੇ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਗੁਰਦਾਸਪੁਰ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਪਟਿਆਲਾ ਦੇ ਸੰਸਦ ਮੈਂਬਰ ਧਰਮਵੀਰ ਗਾਂਧੀ ਦੇ ਦਸਤਖਤ ਹਨ।  

ਖੁਦਕੁਸ਼ੀ ਮਾਮਲੇ ‘ਚ ਦਰਜ ਹੋਈ ਸੀ FIR

ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ ਦਰਜ ਕੀਤੀ ਗਈ ਐੱਫ.ਆਈ.ਆਰ. ਦੇ ਆਧਾਰ ‘ਤੇ ਇਹ ਕਾਰਵਾਈ ਕੀਤੀ ਗਈ ਹੈ। ਇਸ ਮਾਮਲੇ ਵਿੱਚ ਲਾਲਜੀਤ ਸਿੰਘ ਭੁੱਲਰ, ਉਨ੍ਹਾਂ ਦੇ ਪਿਤਾ ਅਤੇ ਪੀਏ ਨੂੰ ਨਾਮਜ਼ਦ ਕੀਤਾ ਗਿਆ ਸੀ।

ਦੱਸ ਦੇਈਏ ਕਿ ਰੰਧਾਵਾ ਦਾ ਅਜੇ ਤੱਕ ਪੋਸਟਮਾਰਟਮ ਨਹੀਂ ਹੋਇਆ ਹੈ। ਉਸ ਦੀ ਲਾਸ਼ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਰੱਖਿਆ ਗਿਆ ਹੈ। ਡੀਸੀਪੀ ਨੇ ਬੰਦ ਦਰਵਾਜ਼ਿਆਂ ਪਿੱਛੇ ਪਰਿਵਾਰ ਨਾਲ ਗੱਲਬਾਤ ਕੀਤੀ। ਪਰਿਵਾਰ ਫਿਲਹਾਲ ਸੀਬੀਆਈ ਜਾਂਚ ਅਤੇ ਪੀਜੀਆਈ ਬੋਰਡ ਤੋਂ ਪੋਸਟਮਾਰਟਮ ਦੀ ਮੰਗ ਕਰ ਰਿਹਾ ਹੈ। ਡੀਸੀਪੀ ਪਰਿਵਾਰ ਤੋਂ ਗਗਨਦੀਪ ਦਾ ਮੋਬਾਈਲ ਵੀ ਲੈਣਾ ਚਾਹੁੰਦਾ ਸੀ। ਡੀਸੀਪੀ ਨੇ ਕਿਹਾ ਕਿ ਇਸ ਵਿੱਚ ਕੁਝ ਸਬੂਤ ਹੋ ਸਕਦੇ ਹਨ ਪਰ ਪਰਿਵਾਰ ਨੇ ਦੇਣ ਤੋਂ ਇਨਕਾਰ ਕਰ ਦਿੱਤਾ।