ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਲੋਟ ਵਿੱਚ ‘ਕਿਸਾਨ ਕਲਿਆਣ ਰੈਲੀ’ ਕਰਕੇ ਮਿਸ਼ਨ 2019 ਲਈ ਪੰਜਾਬ ਵਿੱਚ ਡੰਕਾ ਵਜਾ ਦਿੱਤਾ ਹੈ। ਉਨ੍ਹਾਂ ਦੀ ਰੈਲੀ ਤੋਂ ਬਾਅਦ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਨਿਸ਼ਾਨਾ ਸਾਧਦਿਆਂ ਮੋਦੀ ਸਰਕਾਰ ’ਤੇ ਵਾਰ ਕੀਤਾ ਹੈ ਕਿ ਕੇਂਦਰ ਸਰਕਾਰ ਬਿਲਕੁਲ ਕਿਸਾਨਾਂ ਦੇ ਹੱਕ ਵਿੱਚ ਨਹੀਂ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਮੋਢੇ ’ਤੇ ਬੰਦੂਕ ਰੱਖ ਕੇ ਸਿਆਸਤ ਕਰ ਰਹੀ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਿਸਾਨਾਂ ਨੂੰ ਕਰਜ਼ਿਆਂ ਤੋਂ ਰਾਹਤ ਮੋਦੀ ਸਰਕਾਰ ਨੇ ਨਹੀਂ, ਬਲਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਦਿੱਤੀ ਹੈ। ਮਹਿਜ਼ 200 ਰੁਪਏ ਐਮਐਸਸੀ ਵਧਾ ਕੇ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਕੋਈ ਮਦਦ ਨਹੀਂ ਕੀਤੀ। ਮੋਦੀ ਦੀ ਰੈਲੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਰੈਲੀ ਕਿਸਾਨਾਂ ਲਈ ਨਹੀਂ, ਬਲਕਿ ਆਗਾਮੀ ਲੋਕ ਸਭਾ ਚੋਣਾਂ ਦੇ ਤਹਿਤ ਕੀਤੀ ਗਈ ਹੈ। ਜਾਖੜ ਨੇ ਡੀਐਸਪੀ ਹਰਮਨਪ੍ਰੀਤ ਦੇ ਮੁੱਦੇ ’ਤੇ ਗੱਲ ਕਰਦਿਆਂ ਕਿਹਾ ਕਿ ਖਿਡਾਰੀ ਨੂੰ ਬਣਦਾ ਸਨਮਾਨ ਉਸ ਦੀਆਂ ਉਪਲੱਬਧੀਆਂ ਦੇ ਆਧਾਰ ’ਤੇ ਦਿੱਤਾ ਜਾਂਦਾ ਹੈ ਨਾ ਕਿ ਉਸ ਦੀ ਵਿੱਦਿਅਕ ਯੋਗਤਾ ਦੇ ਆਧਾਰ ’ਤੇ। ਉਨ੍ਹਾਂ ਭਰੋਸਾ ਜਤਾਇਆ ਕਿ ਉਹ ਇਸ ਮਾਮਲੇ ਸਬੰਧੀ ਸਰਕਾਰ ਨੂੰ ਅਪੀਲ ਕਰਨਗੇ। ਸੂਬੇ ਵਿੱਚ ਚਲੰਤ ਡੋਪ ਟੈਸਟ ਦੇ ਮੁੱਦੇ ’ਤੇ ਬੋਲਦਿਆਂ ਜਾਖੜ ਨੇ ਕਿਹਾ ਕਿ ਜਿਸ ਕਿਸੇ ਦਾ ਵੀ ਡੋਪ ਟੈਸਟ ਪਾਜ਼ੇਟਿਵ ਆਏਗਾ, ਉਸ ਨੂੰ ਨਸ਼ਾ ਛੱਡਣ ਦੀ ਪੁਰਜ਼ੋਰ ਅਪੀਲ ਕੀਤੀ ਜਾਏਗੀ। ਆਪਣੀ ਪਾਰਟੀ ਦੇ ਵਿਧਾਇਕ ਦੀ ਡੋਪ ਟੈਸਟ ਦੀ ਰਿਪੋਰਟ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਹਾਲੇ ਕੁਝ ਖ਼ਬਰ ਨਹੀਂ ਹੈ।