ਚੰਡੀਗੜ੍ਹ: ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਗਰੀਬਾਂ ਦੇ ਖਾਤਿਆਂ ਵਿੱਚ 72 ਹਜ਼ਾਰ ਰੁਪਏ ਭੇਜਣ ਦੇ ਐਲਾਨ ਦਾ ਲਾਹਾ ਲੈਣ ਲੈਣ ਲਈ ਪੰਜਾਬ ਕਾਂਗਰਸ ਵੀ ਜੁੱਟ ਗਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਗਰੀਬਾਂ ਦੇ ਖਾਤਿਆਂ ਵਿੱਚ 72 ਹਜ਼ਾਰ ਰੁਪਏ ਭੇਜਣ ਦਾ ਐਲਾਨ ਕਰਕੇ ਰਾਹੁਲ ਗਾਂਧੀ ਨੇ ਦੇਸ਼ ਦੇ ਲੋਕਾਂ ਨੂੰ ਗਰੀਬੀ ਵਿੱਚੋਂ ਕੱਢਣ ਲਈ ਇਤਿਹਾਸਕ ਫੈਸਲਾ ਕੀਤਾ ਹੈ।


ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਦੇਸ਼ ਦੇ ਲੋਕਾਂ ਨੂੰ ਨਵਾਂ ਰਾਹ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਸਾਰੇ ਗਰੀਬਾਂ ਨੂੰ 72 ਹਜ਼ਾਰ ਰੁਪਏ ਮਿਲਣਗੇ। ਜਾਖੜ ਨੇ ਦੱਸਿਆ ਕਿ ਜੇ ਕਾਂਗਰਸ ਦੀ ਸਰਕਾਰ ਬਣੀ ਤਾਂ ਸਾਲਾਨਾ 72 ਹਜ਼ਾਰ ਰੁਪਏ ਗਰੀਬਾਂ ਦੇ ਖਾਤਿਆਂ 'ਚ ਪਾਏ ਜਾਣਗੇ। ਘਰ ਦੀ ਮਹਿਲਾ ਦੇ ਖਾਤੇ ਵਿੱਚ ਪੈਸਾ ਭੇਜਿਆ ਜਾਏਗਾ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਾਂਗਰਸ ਨੇ ਗ਼ਰੀਬਾਂ ਲਈ ਮਨਰੇਗਾ ਯੋਜਨਾ ਸ਼ੁਰੂ ਕੀਤੀ ਸੀ ਪਰ ਬੀਜੇਪੀ ਨੇ ਆਪਣੀ ਮੋਹਰ ਲਾ ਕੇ ਇਹ ਯੋਜਨਾ ਚਲਾਈ। ਉਨ੍ਹਾਂ ਦੱਸਿਆ ਕਿ ਸਾਰੇ ਪਿੰਡਾ 'ਚ ਮਨਰੇਗਾ ਦਾ ਕੰਮ ਚੱਲ ਰਿਹਾ ਹੈ।

ਜਾਖੜ ਨੇ ਕਿਹਾ ਕਿ ਬੀਜੇਪੀ ਨੋਟਬੰਦੀ ਤੇ ਜੀਐਸਟੀ ਦੇ ਨਾਂ 'ਤੇ ਵੋਟਾਂ ਮੰਗ ਕੇ ਦੇਖੇ। ਜਿਹੜਾ ਪੈਸਾ ਅੰਬਾਨੀ ਤੇ ਅਡਾਨੀ ਨੂੰ ਜਾ ਰਿਹਾ ਉਹ ਗਰੀਬਾਂ ਨੂੰ ਜਾਏਗਾ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀ ਸਰਕਾਰ ਆਈ ਤਾਂ ਗਰੀਬਾਂ ਲਈ ਸਕੀਮਾਂ ਲਾਗੂ ਕੀਤੀਆਂ ਜਾਣਗੀਆਂ।

ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦੀ ਗੱਲ 'ਤੇ ਜਾਖੜ ਨੇ ਕਿਹਾ ਕਿ ਉਹ ਸੁਖਬੀਰ ਦੀਆਂ ਗੱਲਾਂ ਵੱਲ ਜ਼ਿਆਦਾ ਗੌਰ ਨਹੀਂ ਕਰਦੇ। ਅਕਾਲੀ ਦਲ ’ਤੇ ਤਨਜ਼ ਕੱਸਦਿਆਂ ਉਨ੍ਹਾਂ ਕਿਹਾ ਕਿ ਬਾਦਲ ਸਰਕਾਰ 'ਚ ਕਾਂਗਰਸ ਨੂੰ ਧਰਨਾ ਲਾਉਣਾ ਪੈਂਦਾ ਸੀ। ਲੋਕਾਂ ਦੇ ਹੱਕਾਂ ਲਈ ਉਨ੍ਹਾਂ ਨੂੰ ਧਰਨੇ ਲਾਉਂਣੇ ਪੈਂਦੇ ਸੀ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੀ ਆਪਣੀ ਕੋਈ ਭਰੋਸੇਯੋਗਤਾ ਨਹੀਂ। ਇਸੇ ਦੌਰਾਨ ਉਨ੍ਹਾਂ ਅਕਲੀਆਂ ’ਤੇ ਕਰਾਰਾ ਵਾਰ ਕਰਦਿਆਂ ਕਿਹਾ ਕਿ ਪਿਛਲੇ 10 ਸਾਲਾਂ ਦੇ ਨਸ਼ੇ ਦਾ ਕੋਹੜ ਕੱਢਣ 'ਤੇ ਸਮਾਂ ਲੱਗੇਗਾ।