ਅੰਮ੍ਰਿਤਸਰ: ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ 'ਚ ਆਇਆ ਹੈ ਕਿ ਕੋਵਿਡ-19 ਦੀ ਦੂਜੀ ਲਹਿਰ ਦੇ ਵੱਧਦੇ ਪ੍ਰਭਾਵ ਕਾਰਨ ਆਕਸੀਜਨ ਸਿਲੰਡਰਾਂ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਦੇ ਸਿੱਟੇ ਵਜੋਂ ਹਸਪਤਾਲਾਂ ਵਿੱਚ ਆਕਸੀਜਨ ਸਿਲੰਡਰ ਸੀਮਿਤ ਮਾਤਰਾ ਵਿੱਚ ਉਪਲੱਬਧ ਹਨ।ਅਜਿਹੀ ਸਥਿਤੀ ਨੂੰ ਵੇਖਦਿਆਂ ਹੋਇਆ ਸਮੂਹ ਹਸਪਤਾਲ ਪ੍ਰਸ਼ਾਸਨ ਨੂੰ ਆਕਸੀਜਨ ਸਿਲੰਡਰਾਂ ਦੀ ਵਰਤੋਂ ਪ੍ਰਤੀ ਸੁਚੇਤ ਰਹਿਣ ਲਈ ਕਿਹਾ ਗਿਆ ਹੈ।



ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਧੀਕ ਸਕੱਤਰ ਮੈਡੀਕਲ ਸਿੱਖਿਆ ਤੇ ਖੋਜ-ਕਮ-ਵਧੀਕ ਜ਼ਿਲਾ ਮੈਜਿਸਟਰੇਟ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਜਿਆਦਾ ਹੋਣ ਕਰਕੇ ਪ੍ਰਿੰਸੀਪਲ ਮੈਡੀਕਲ ਕਾਲਜ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਪੱਧਰ ਤੇ ਇਕ ਆਕਸੀਜਨ ਆਡਿਟ ਕਮੇਟੀ ਬਣਾ ਕੇ ਰੋਜ਼ਾਨਾ ਹਸਪਤਾਲ ਦੀ ਚੈਕਿੰਗ ਕਰਨ ਅਤੇ ਯਕੀਨੀ ਬਣਾਉਣ ਕਿ ਹਸਪਤਾਲ ਦੇ ਕਿਸੇ ਵੀ ਬੈੱਡ ਤੇ ਫਲੋਮੀਟਰ ਜਾਂ ਪਾਈਪ ਰਾਹੀ ਆਕਸੀਜਨ ਦੀ ਦੀ ਲੀਕੇਜ ਨਾ ਹੋਵੇ ਅਤੇ ਆਕਸੀਜਨ ਸਿਲੰਡਰਾਂ ਦੀ ਵਰਤੋ ਖਾਸ ਤੌਰ ਤੇ hfno  ਲਈ ਆਕਸੀਜਨ ਦੀ ਵਰਤੋ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਕੀਤੀ ਜਾਵੇ।


ਉਨ੍ਹਾਂ ਕਿਹਾ ਕਿ ਆਕਸੀਜਨ ਦੀ ਵੇਸਟੇਜ ਨਾ ਹੋ ਸਕੇ ਅਤੇ ਇਸਦੀ ਰੋਜ਼ਾਨਾ ਰਿਪੋਰਟ ਭੇਜੀ ਜਾਵੇ। ਇਸ ਦੇ ਬਾਵਜੂਦ ਵੀ ਜੇ ਹਸਪਤਾਲ ਦੇ ਕਿਸੇ ਵੀ ਬੈਡ ਤੇ ਆਕਸੀਜਨ ਦੀ ਲੀਕੇਜ ਜਾਂ ਵੇਸਟੇਜ ਪਾਈ ਜਾਂਦੀ ਹੈ ਤਾਂ ਸਬੰਧਤ ਕਰਮਚਾਰੀ ਦੇ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।


ਅਗਰਵਾਲ ਨੇ ਦੱਸਿਆ ਕਿ ਇਹ ਵੀ ਹੁਕਮ ਜਾਰੀ ਕੀਤੇ ਗਏ ਹਨ ਕਿ ਹਸਪਤਾਲਾਂ ਵਿਚ ਇਲੈਕਟਿਵ ਸਰਜਰੀ ਪੂਰਨ ਤੌਰ ਤੇ ਬੰਦ ਕੀਤੀ ਜਾਵੇ ਅਤੇ ਜਨਰਲ ਮੈਨੇਜਰ ਉਦਯੋਗ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਜ਼ਿਲ੍ਹੇ ਵਿੱਚ ਆਕਸੀਜਨ ਸਪਲਾਈ ਕਰਨ ਵਾਲੇ ਸਮੂਹ ਵੈਂਡਰਜ਼ ਨੂੰ ਦੱਸਿਆ ਜਾਵੇ ਕਿ ਆਕਸੀਜਨ ਸਿਲੰਡਰਾਂ ਦੀ ਵਰਤੋ ਉਦਯੋਗਿਕ ਕੰਮਾਂ ਲਈ ਨਾ ਕੀਤੀ ਜਾਵੇ ਤੇ ਕੋਵਿਡ ਹਸਪਤਾਲਾਂ ਨੂੰ ਆਕਸੀਜਨ ਸਪਲਾਈ ਲਈ ਪਹਿਲ ਦਿੱਤੀ ਜਾਵੇ।