ਨਵੀਂ ਦਿੱਲੀ: ਦੇਸ਼ ਦੀ ਸਿਖਰਲੀ ਅਦਾਲਤ ਸੁਪਰੀਮ ਕੋਰਟ (Supreme Court) ਨੇ ਬੁੱਧਵਾਰ ਨੂੰ ਬਠਿੰਡਾ ਵਿਖੇ 2015 'ਚ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ (Sacrilege Case) ਦੀ ਜਾਂਚ ਪੰਜਾਬ ਵਿੱਚੋ ਬਾਹਰ ਲੈ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਸੰਜੇ ਕਿਸ਼ਨ ਕੌਲ ਦੀ ਬੈਂਚ ਨੇ ਹੇਠਲੀ ਅਦਾਲਤ (trial court) ਨੂੰ ਇੱਕ ਸੁਤੰਤਰ ਅਤੇ ਨਿਰਪੱਖ ਮੁਕੱਦਮੇ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ।


ਸੁਪਰੀਮ ਕੋਰਟ ਨੇ ਛੇ ਮੁਲਜ਼ਮਾਂ ਵੱਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਇਨ੍ਹਾਂ ਮੁਲਜ਼ਮਾਂ ਨੇ ਪੰਜਾਬ ਵਿੱਚ ਮੁਕੱਦਮੇ ਵਿੱਚ ਪੱਖਪਾਤ ਦਾ ਖ਼ਦਸ਼ਾ ਜਤਾਇਆ ਸੀ। ਉਨ੍ਹਾਂ ਦਾਅਵਾ ਕੀਤਾ ਸੀ ਕਿ ਰਾਜ ਵਿੱਚ ਉਨ੍ਹਾਂ ਦੀਆਂ ਜਾਨਾਂ ਨੂੰ ਖਤਰਾ ਪੈਦਾ ਹੋਇਆ ਸੀ।ਅੱਠ ਡੇਰਾ ਸੱਚਾ ਸੌਦਾ ਸਮਰਥਕਾਂ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾੜਣ ਅਤੇ ਜ਼ਮੀਨ ਉੱਤੇ ਸੁੱਟਣ ਦੇ ਦੋਸ਼ ਸੀ।

ਪਿਛਲੇ ਹਫ਼ਤੇ ਬੇਅਦਬੀ ਮਾਮਲੇ ਦੇ ਦੋਸ਼ੀ ਜਤਿੰਦਰਬੀਰ ਐਸ ਜਿੰਮੀ ਦੇ ਪਿਤਾ ਮਨੋਹਰ ਲਾਲ ਨੂੰ ਬਠਿੰਡਾ ਦੇ ਭਗਤਾ ਭਾਈ ਕਾ 'ਚ ਦੋ ਅਣਪਛਾਤੇ ਵਿਅਕਤੀਆਂ ਵਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।