ਨਵੀਂ ਦਿੱਲੀ: ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿਦਰ ਸਿੰਘ ਤੇ ਪੰਜਾਬ ਪੁਲਿਸ ਕੋਲ ਅਪੀਲ ਕੀਤੀ ਹੈ। ਦਰਅਸਲ, ਪਠਾਨਕੋਟ ਵਿੱਚ ਸੁਰੇਸ਼ ਰੈਨਾ ਦੀ ਭੂਆ ਦੇ ਘਰ 'ਤੇ ਹਮਲਾ ਹੋਇਆ ਸੀ। ਰੈਨਾ ਨੇ ਮੰਗਲਵਾਰ ਨੂੰ ਟਵੀਟ ਕਰਕੇ ਪੰਜਾਬ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਵਿੱਚ ਮੇਰੇ ਪਰਿਵਾਰ ਨਾਲ ਜੋ ਹੋਇਆ, ਉਹ ਭਿਆਨਕ ਸੀ। ਮੇਰੇ ਅੰਕਲ ਦੀ ਮੌਤ ਹੋ ਗਈ। ਮੇਰੀ ਭੂਆ ਤੇ ਮੇਰੀ ਕਜ਼ਨ ਭੈਣ ਨੂੰ ਵੀ ਗੰਭੀਰ ਸੱਟਾਂ ਲੱਗੀਆਂ। ਬਦਕਿਸਮਤੀ ਨਾਲ ਮੇਰੇ ਕਜ਼ਨ ਭਰਾ ਨੇ ਵੀ ਜ਼ਿੰਦਗੀ ਨਾਲ ਸੰਘਰਸ਼ ਕਰਦਿਆਂ ਸੰਸਾਰ ਨੂੰ ਅਲਵਿਦਾ ਕਹੀ ਦਿੱਤੀ। ਮੇਰੀ ਭੂਆ ਅਜੇ ਵੀ ਗੰਭੀਰ ਸਥਿਤੀ ਵਿੱਚ ਹੈ ਤੇ ਵੈਂਟੀਲੇਟਰ 'ਤੇ ਹੈ।


ਰੈਨਾ ਨੇ ਕਿਹਾ ਕਿ ਅਜੇ ਤੱਕ ਸਾਨੂੰ ਨਹੀਂ ਪਤਾ ਸੀ ਕਿ ਉਸ ਰਾਤ ਕੀ ਹੋਇਆ। ਮੈਂ ਪੰਜਾਬ ਪੁਲਿਸ ਨੂੰ ਇਸ ਮਾਮਲੇ ਦੀ ਜਾਂਚ ਦੀ ਅਪੀਲ ਕਰਦਾ ਹਾਂ। ਸਾਨੂੰ ਘੱਟੋ-ਘੱਟ ਇਹ ਜਾਣਨ ਦਾ ਅਧਿਕਾਰ ਹੈ ਕਿ ਉਨ੍ਹਾਂ ਨਾਲ ਇਹ ਕਿਸ ਨੇ ਕੀਤਾ। ਉਨ੍ਹਾਂ ਅਪਰਾਧੀਆਂ ਨੂੰ ਹੋਰ ਜੁਰਮ ਕਰਨ ਲਈ ਨਹੀਂ ਛੱਡਿਆ ਜਾਣਾ ਚਾਹੀਦਾ। ਦੱਸ ਦਈਏ ਕਿ 19 ਅਗਸਤ ਨੂੰ ਪਠਾਨਕੋਟ ਦੇ ਮਾਧੋਪੁਰ ਖੇਤਰ ਦੇ ਥਰਿਆਲ ਪਿੰਡ ਵਿੱਚ ਅਣਪਛਾਤੇ ਹਮਲਾਵਰਾਂ ਨੇ ਸੁਰੇਸ਼ ਰੈਨਾ ਦੀ ਭੂਆ ਦੇ ਘਰ ‘ਤੇ ਹਮਲਾ ਕੀਤਾ ਸੀ। ਹਮਲੇ ਵਿੱਚ ਸੁਰੇਸ਼ ਰੈਨਾ ਦੇ ਫੁੱਫੜ ਦੀ ਮੌਤ ਹੋ ਗਈ ਸੀ, ਜਦੋਂਕਿ ਪਰਿਵਾਰ ਦੇ ਹੋਰ ਮੈਂਬਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸੀ।

ਸੁਰੇਸ਼ ਰੈਨਾ ਆਈਪੀਐਲ ਤੇ ਚੇਨਈ ਸੁਪਰ ਕਿੰਗਜ਼ ਨੂੰ ਛੱਡ ਕੇ ਭਾਰਤ ਪਰਤੇ ਹਨ। ਉਨ੍ਹਾਂ ਦੀ ਵਾਪਸੀ ਨੂੰ ਲੈ ਕੇ ਕਈ ਅਟਕਲਾਂ ਲਾਈਆਂ ਜਾ ਰਹੀਆਂ ਹਨ। ਹਾਲਾਂਕਿ, ਚੇਨਈ ਸੁਪਰ ਕਿੰਗਜ਼ ਨੇ ਉਨ੍ਹਾਂ ਦੀ ਵਾਪਸੀ ਦਾ ਇੱਕ ਪਰਿਵਾਰਕ ਕਾਰਨ ਦਿੱਤਾ ਪਰ ਟੀਮ ਦੇ ਮਾਲਕ ਐਨ ਸ੍ਰੀਨਿਵਾਸਨ ਨੇ ਇਕ ਵੱਖਰਾ ਕਾਰਨ ਦਿੱਤਾ।