ਚੰਡੀਗੜ੍ਹ :  ਮੋਦੀ ਸਰਕਾਰ 'ਤੇ ਵਧਦੀ ਮਹਿੰਗਾਈ ਨਾਲ ਨਜਿੱਠਣ ਵਿਚ ਨਾਕਾਮ ਰਹਿਣ ਦਾ ਦੋਸ਼ ਲਾਉਂਦਿਆਂ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸੋਮਵਾਰ ਨੂੰ ਇੱਕ ਟਵੀਟ ਰਾਹੀਂ ਦੱਸਿਆ ਕਿ ਪਿਛਲੇ ਇੱਕ ਸਾਲ ਵਿੱਚ ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਵਿਚ ਪੈਟਰੋਲ ਦੀਆਂ ਕੀਮਤਾਂ ਵਿਚ 78 ਵਾਰ ਅਤੇ ਡੀਜ਼ਲ ਦੀਆਂ ਕੀਮਤਾਂ 'ਚ 76 ਵਾਰੀ ਵਾਧਾ ਕੀਤਾ ਗਿਆ ਹੈ | 


ਰਾਜ ਸਭਾ ਮੈਂਬਰ ਚੱਢਾ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਕੇਂਦਰ ਸਰਕਾਰ ਨੇ ਸੰਸਦ ਵਿੱਚ ਇਹਨਾਂ ਹੈਰਾਨੀਜਨਕ ਅੰਕੜਿਆਂ ਦਾ ਖ਼ੁਲਾਸਾ ਕੀਤਾ ਹੈ। ਐਨਾ ਹੀ ਨਹੀਂ ਸਗੋਂ ਇਸੇ ਮਿਆਦ (2021-2022) ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਕ੍ਰਮਵਾਰ ਸਿਰਫ਼ 7 ਅਤੇ 10 ਵਾਰ ਹੀ ਕਟੌਤੀ ਕੀਤੀ ਗਈ ਹੈ। 


ਕੇਂਦਰ ਸਰਕਾਰ ਨੇ ਵਿੱਤੀ ਸਾਲ 2021-22 ਵਿੱਚ 4.92 ਲੱਖ ਕਰੋੜ ਰੁਪਏ ਮਾਲੀਆ ਇਕੱਠਾ ਕੀਤਾ ਜੋ ਕਿ ਸਾਲ 2019-20 ਨਾਲੋਂ 1.5 ਲੱਖ ਕਰੋੜ ਰੁਪਏ ਜ਼ਿਆਦਾ ਹੈ, ਫਿਰ ਵੀ ਆਮ ਲੋਕਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ। 


ਚੱਢਾ ਨੇ ਆਪਣੇ ਟਵੀਟ ਵਿੱਚ ਲਿਖਿਆ, "ਸੰਸਦ ਵਿੱਚ ਮੈਂ ਕੇਂਦਰ ਸਰਕਾਰ ਤੋਂ ਪੁੱਛਿਆ ਸੀ ਕਿ ਪਿਛਲੇ ਇੱਕ ਸਾਲ ਵਿੱਚ ਕਿੰਨੀ ਵਾਰ ਪੈਟਰੋਲ ਦੀਆਂ ਕੀਮਤਾਂ ਵਧੀਆਂ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪਿਛਲੇ ਇੱਕ ਸਾਲ ਵਿੱਚ ਪੈਟਰੋਲ ਦੀਆਂ ਕੀਮਤਾਂ ਪੈਟਰੋਲ 78 ਵਾਰ ਅਤੇ ਡੀਜ਼ਲ ਦੀ ਕੀਮਤ 76 ਵਾਰ ਵਧਾਈ ਗਈ ਹੈ, ਇਹ ਜਨਤਾ ਦੀ ਜੇਬ 'ਤੇ ਡਾਕਾ ਹੈ।"


ਚੱਢਾ ਨੇ ਕਿਹਾ ਕਿ ਭਾਵੇਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ 2021-22 ਵਿੱਚ  ਪੈਟਰੋਲੀਅਮ ਪਦਾਰਥਾਂ ਤੋਂ 4 ਲੱਖ 92 ਹਜ਼ਾਰ 303 ਕਰੋੜ ਰੁਪਏ ਦਾ ਭਾਰੀ ਮਾਲੀਆ ਇਕੱਠਾ ਕੀਤਾ ਹੈ ਪਰ ਫਿਰ ਵੀ ਸਰਕਾਰ ਮਹਿੰਗਾਈ ਦੀ ਮਾਰ ਝੱਲ ਰਹੀ ਜਨਤਾ ਨੂੰ ਵਿੱਤੀ ਸਹਾਇਤਾ ਦੇਣ ਦੀ ਬਜਾਏ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਧਾ ਕੇ ਗਰੀਬ ਅਤੇ ਆਮ ਲੋਕਾਂ 'ਤੇ ਵਾਧੂ ਬੋਝ ਪਾ ਰਹੀ ਹੈ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਤੰਜ ਕਸਦਿਆਂ ਸੰਸਦ ਮੈਂਬਰ ਚੱਢਾ ਨੇ ਕਿਹਾ ਕਿ ਭਾਜਪਾ ਸਰਕਾਰ ਦੀ ਨਿਰੰਤਰਤਾ, ਇਕਸਾਰਤਾ ਅਤੇ ਤਾਲਮੇਲ ਮਹਿਜ਼ ਮਹਿੰਗਾਈ ਦੇ ਮਾਮਲੇ 'ਚ ਅਸਧਾਰਨ ਉਚਾਈਆਂ ਨੂੰ ਹਾਸਲ ਕਰਨ ਤੱਕ ਹੀ ਸੀਮਤ ਹੈ।


ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਮਹਿੰਗਾਈ ਨੂੰ ਕਾਬੂ ਕਰਨ ਵਿੱਚ ਬੁਰੀ ਤਰ੍ਹਾਂ ਅਸਫਲ ਰਹੀ ਹੈ, ਤੇਲ, ਦੁੱਧ ਅਤੇ ਆਂਡਿਆਂ ਦੀਆਂ ਕੀਮਤਾਂ ਰਿਕਾਰਡ ਤੇਜ਼ੀ ਨਾਲ ਵਧੀਆਂ ਹਨ, ਜਿਸ ਨੇ ਦੇਸ਼ ਦੇ ਆਮ ਲੋਕਾਂ 'ਤੇ ਵਿੱਤੀ ਬੋਝ ਵਧਾ ਦਿੱਤਾ ਹੈ। 


ਚੱਢਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਗਰੀਬਾਂ ਅਤੇ ਆਮ ਲੋਕਾਂ ਦੀ ਭਲਾਈ ਨਾਲ ਕੋਈ ਲੈਣਾ-ਦੇਣਾ ਨਹੀਂ ਅਤੇ ਉਹ ਸਿਰਫ਼ ਆਪਣੇ ਕੁਝ ਖਾਸ 'ਦੋਸਤਾਂ' ਨੂੰ ਖੁਸ਼ ਕਰਨ 'ਤੇ ਲੱਗੀ ਹੈ, ਜੋ ਦਿਨੋ-ਦਿਨ ਹੋਰ ਅਮੀਰ ਹੁੰਦੇ ਜਾ ਰਹੇ ਹਨ।