ਪੰਜਾਬ ਦੇ ਰਾਜਪੁਰਾ ਦੇ ਹੇਠਾਂ ਆਉਣ ਵਾਲੇ ਬਨੂੜ-ਤੇਪਲਾ ਰੋਡ 'ਤੇ ਪੈਂਦੇ ਪਿੰਡ ਚੰਗੇਰਾ ਦੇ ਨੇੜੇ ਖੇਤਾਂ ਵਿੱਚ ਖੜੀ ਫਾਰਚੂਨਰ ਗੱਡੀ 'ਚ ਇਕੋ ਪਰਿਵਾਰ ਦੇ ਤਿੰਨ ਲੋਕਾਂ ਦੀਆਂ ਲਾਸ਼ਾਂ ਮਿਲਣ ਦੇ ਨਾਲ ਹੜਕੰਪ ਮੱਚ ਗਿਆ। ਇਹ ਘਟਨਾ ਐਤਵਾਰ ਦੀ ਹੈ। ਗੱਡੀ ਸੜਕ ਤੋਂ ਥੋੜ੍ਹੀ ਹੇਠਾਂ ਖੇਤਾਂ ਵੱਲ ਖੜੀ ਸੀ। ਖੇਤ ਵਿੱਚ ਟਿਊਬਵੈਲ ਲਗਾਉਣ ਆਏ ਪਿੰਡਾਂ ਦੇ ਲੋਕਾਂ ਨੇ ਜਦੋਂ ਗੱਡੀ ਵੱਲ ਧਿਆਨ ਦਿੱਤਾ ਤਾਂ ਅੰਦਰ ਤਿੰਨੋਂ ਦੀਆਂ ਲਾਸ਼ਾਂ ਦਿਖਾਈ ਦਿੱਤੀਆਂ। ਇਸ ਤੋਂ ਬਾਅਦ ਤੁਰੰਤ ਹੀ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਇਲਾਕੇ ਨੂੰ ਸੀਲ ਕਰ ਦਿੱਤਾ। ਜਾਂਚ ਦੌਰਾਨ ਗੱਡੀ ਦੇ ਅੰਦਰ ਇੱਕ ਮਰਦ, ਇੱਕ ਔਰਤ ਅਤੇ ਇੱਕ ਨੌਜਵਾਨ ਦੀ ਲਾਸ਼ ਮਿਲੀ।ਪੁਲਿਸ ਨੇ ਤਿੰਨਾਂ ਦੀਆਂ ਲਾਸ਼ਾਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀਆਂ ਹਨ।
DSP ਰਾਜਪੁਰਾ ਮਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸੰਦੀਪ ਸਿੰਘ (45), ਉਸ ਦੀ ਪਤਨੀ ਮਨਦੀਪ ਕੌਰ (42) ਅਤੇ ਪੁੱਤਰ ਅਭੇ (15) ਵਜੋਂ ਹੋਈ ਹੈ।
ਆਤਮਹੱਤਿਆ ਦੀ ਜਾਪ ਰਹੀ ਸੰਭਾਵਨਾ
DSP ਰਾਜਪੁਰਾ ਮਨਜੀਤ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਮਾਮਲਾ ਆਤਮਹੱਤਿਆ ਦਾ ਲੱਗ ਰਿਹਾ ਹੈ। ਮ੍ਰਿਤਕ ਸੰਦੀਪ ਸਿੰਘ ਦੇ ਹੱਥ ਵਿਚੋਂ ਇਕ ਪਿਸਤੌਲ ਮਿਲੀ ਹੈ ਅਤੇ ਤਿੰਨੋਂ ਦੇ ਸਿਰ 'ਤੇ ਗੋਲੀ ਦੇ ਨਿਸ਼ਾਨ ਹਨ।
ਇਸ ਦੇ ਆਧਾਰ 'ਤੇ ਪਹਿਲਾਂ ਅੰਦਾਜ਼ ਇਹੀ ਹੈ ਕਿ ਸੰਦੀਪ ਨੇ ਪਹਿਲਾਂ ਆਪਣੀ ਪਤਨੀ ਮਨਦੀਪ ਕੌਰ ਅਤੇ ਪੁੱਤਰ ਅਭੇ ਨੂੰ ਗੋਲੀ ਮਾਰੀ ਅਤੇ ਫਿਰ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ।
ਤਿੰਨ ਸਾਲ ਪਹਿਲਾਂ ਪਰਿਵਾਰ ਨੇ ਮੋਹਾਲੀ 'ਚ ਕੀਤਾ ਸੀ ਸ਼ਿਫਟ
ਮ੍ਰਿਤਕ ਸੰਦੀਪ ਸਿੰਘ ਅਸਲ ਵਿੱਚ ਬਠਿੰਡਾ ਜ਼ਿਲ੍ਹੇ ਦੇ ਪਿੰਡ ਸਿੱਖਵਾਲਾ ਦਾ ਰਹਿਣ ਵਾਲਾ ਸੀ। ਉਹ ਲੰਮੇ ਸਮੇਂ ਤੱਕ ਆਪਣੇ ਪਰਿਵਾਰ ਸਮੇਤ ਗੁੜਗਾਵਾਂ ਵਿੱਚ ਰਿਹਾ ਅਤੇ ਤਿੰਨ ਸਾਲ ਪਹਿਲਾਂ ਮੋਹਾਲੀ ਦੇ ਸੈਕਟਰ-109 ਵਿੱਚ ਸਥਿਤ EMAAR ਸੋਸਾਇਟੀ ਵਿੱਚ ਸ਼ਿਫਟ ਹੋ ਗਿਆ ਸੀ। ਉਹ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦਾ ਸੀ ਅਤੇ ਆਰਥਿਕ ਤੌਰ 'ਤੇ ਅਮੀਰ ਮੰਨਿਆ ਜਾਂਦਾ ਸੀ।
ਰਿਸ਼ਤੇਦਾਰਾਂ ਨੇ ਕਿਹਾ-ਕਦੇ ਨਹੀਂ ਲੱਗਿਆ ਸੀ ਕਿ ਪਰਿਵਾਰ ਇਹੋ ਜਿਹਾ ਕਦਮ ਚੁੱਕੇਗਾ
ਪੁਲਿਸ ਨੇ ਇਸ ਘਟਨਾ ਦੀ ਜਾਣਕਾਰੀ ਸੰਦੀਪ ਦੇ ਰਿਸ਼ਤੇਦਾਰ ਅਮਰਿੰਦਰ ਸਿੰਘ ਨੂੰ ਦਿੱਤੀ, ਜੋ ਮੌਕੇ 'ਤੇ ਪਹੁੰਚਿਆ। ਅਮਰਿੰਦਰ ਨੇ ਦੱਸਿਆ ਕਿ ਕਦੇ ਵੀ ਇਹ ਅਨੁਮਾਨ ਨਹੀਂ ਸੀ ਕਿ ਸੰਦੀਪ ਅਜਿਹਾ ਕੋਈ ਕਦਮ ਚੁੱਕ ਸਕਦਾ ਹੈ। ਪਰਿਵਾਰ ਹਮੇਸ਼ਾ ਖੁਸ਼ਹਾਲ ਦਿਖਾਈ ਦਿੰਦਾ ਸੀ। ਪਰਿਵਾਰ ਵਿੱਚ ਸੰਦੀਪ ਦਾ ਇੱਕ ਭਰਾ ਹੈ ਜੋ ਬਠਿੰਡਾ 'ਚ ਰਹਿੰਦਾ ਹੈ, ਜਦਕਿ ਉਸ ਦੀ ਭੈਣ ਅਮਰੀਕਾ ਵਿੱਚ ਵੱਸਦੀ ਹੈ। ਫਿਲਹਾਲ ਆਤਮਹੱਤਿਆ ਦੇ ਕਾਰਨਾਂ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਹੁਣ ਤੱਕ ਕਿਸੇ ਵੀ ਤਰ੍ਹਾਂ ਦਾ ਸੁਸਾਇਡ ਨੋਟ ਬਰਾਮਦ ਨਹੀਂ ਹੋਇਆ।
ਪੁਲਿਸ ਸਾਰੇ ਪੱਖਾਂ ਦੀ ਜਾਂਚ ਵਿੱਚ ਲੱਗੀ ਹੋਈ ਹੈ
DSP ਮਨਜੀਤ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਹ ਬਠਿੰਡਾ ਤੋਂ ਰਵਾਨਾ ਹੋ ਚੁੱਕੇ ਹਨ। ਉਨ੍ਹਾਂ ਦੇ ਬਿਆਨਾਂ ਤੋਂ ਬਾਅਦ ਹੋਰ ਜਾਣਕਾਰੀ ਸਾਫ ਹੋ ਸਕਦੀ ਹੈ।
ਇਸ ਦੇ ਨਾਲ ਹੀ ਪੁਲਿਸ ਨੇ ਮੋਹਾਲੀ ਸਥਿਤ ਸੰਦੀਪ ਦੇ ਘਰ ਦੀ ਵੀ ਤਲਾਸ਼ੀ ਲੈਣ ਦੀ ਯੋਜਨਾ ਬਣਾਈ ਹੈ, ਤਾਂ ਜੋ ਆਤਮਹੱਤਿਆ ਦੇ ਪਿੱਛੇ ਦਾ ਕੋਈ ਢੁੱਕਵਾਂ ਕਾਰਨ ਜਾਂ ਪੱਕਾ ਸੁਰਾਗ ਲੱਭਿਆ ਜਾ ਸਕੇ।