SYL Canal Issue : SYL ਮੁੱਦੇ ’ਤੇ ਦੋਹਾਂ ਮੁੱਖ ਮੰਤਰੀਆਂ ਵਿਚਾਲੇ ਬੈਠਕ ਤੋਂ ਪਹਿਲਾਂ ਸੂਬੇ ਦੀ ਸਿਆਸਤ ਗਰਮਾ ਗਈ ਹੈ।  ਸੀਨੀਅਰ ਅਕਾਲੀ ਨੇਤਾ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਹਰਿਆਣਾ ਦੇ ਮੁੱਖ ਮੰਤਰੀ ਨਾਲ ਮੀਟਿੰਗ ਦੌਰਾਨ ਐਸਵਾਈਐਲ ਮੁੱਦੇ 'ਤੇ ਆਪਣਾ ਕੀ ਸਟੈਂਡ ਰੱਖਣਗੇ । ਉਹ ਮਹੱਤਵਪੂਰਨ ਹੈ ਕਿਉਂਕਿ ਅਜਿਹੇ ਸੰਕੇਤ ਹਨ ਕਿ ਉਹ ਪੰਜਾਬ ਦੇ ਹਿੱਤਾਂ ਨਾਲ ਧੋਖਾ ਕਰਨਗੇ। ਮੁੱਖ ਮੰਤਰੀ ਨੂੰ ਹਰਿਆਣਾ ਨੂੰ ਦੱਸਣਾ ਚਾਹੀਦਾ ਹੈ ਕਿ ਪੰਜਾਬ ਕੋਲ ਐਸਵਾਈਐਲ ਨਹਿਰ ਬਣਾਉਣ ਲਈ ਨਾ ਤਾਂ ਪਾਣੀ ਦੀ ਇੱਕ ਬੂੰਦ ਬਚੀ ਹੈ ਅਤੇ ਨਾ ਹੀ ਕੋਈ ਜ਼ਮੀਨ ਹੈ। ਉਨ੍ਹਾਂ ਨੂੰ ਇਹ ਵੀ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਦਰਿਆਈ ਪਾਣੀ 'ਤੇ ਪੰਜਾਬ ਦਾ ਵਿਸ਼ੇਸ਼ ਅਧਿਕਾਰ ਹੈ ਕਿਉਂਕਿ ਇਹ ਰਿਪੇਰੀਅਨ ਸੂਬਾ ਹੈ।

 





ਓਧਰ ਮੀਟਿੰਗ ਤੋਂ ਪਹਿਲਾਂ ਹੀ CM ਮਨੋਹਰ ਲਾਲ ਖੱਟਰ ਨੇ ਕਿਹਾ ਕਿ ਐੱਸਵਾਈਐੱਲ (SYL) ਦੇ ਪਾਣੀ ’ਤੇ ਹਰਿਆਣਾ ਦਾ ਹੱਕ ਹੈ ਤੇ ਉਹ ਇਸਨੂੰ ਲੈਕੇ ਰਹੇਗਾ। ਐੱਸਵਾਈਐੱਲ ਦੇ ਮੁੱਦੇ ’ਤੇ ਬੋਲਦਿਆਂ ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਦੇ ਹੱਲ ਲਈ ਸਮਾਂ ਸੀਮਾ ਤੈਅ ਹੋਣੀ ਚਾਹੀਦੀ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਦੇ CM ਭਗਵੰਤ ਮਾਨ ਨਾਲ ਹੋਣ ਵਾਲੀ ਬੈਠਕ ’ਚ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੇਗਾ। 

 


 

 ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ 'ਤੇ ਆਪਣੇ ਸਟੈਂਡ 'ਤੇ ਡਟਣ ਦੀ ਸਲਾਹ ਦਿੱਤੀ ਹੈ, ਜਦੋਂ ਉਹ ਭਲਕੇ ਹਰਿਆਣਾ ਦੇ ਆਪਣੇ ਹਮਰੁਤਬਾ ਨਾਲ ਮੁਲਾਕਾਤ ਕਰਕੇ ਹੱਲ ਕੱਢਣ ਲਈ ਵਿਚਾਰ-ਵਟਾਂਦਰਾ ਕਰਨਗੇ। ਉਨ੍ਹਾਂ ਕਿਹਾ ਕਿ “ਕਿਰਪਾ ਕਰਕੇ ਇਹ ਯਕੀਨੀ ਬਣਾਓ ਕਿ ਤੁਹਾਡੇ ਸਟੈਂਡ ਵਿੱਚ ਕੋਈ ਅਸਪਸ਼ਟਤਾ ਨਹੀਂ ਹੈ ,ਜੋ ਭਵਿੱਖ ਵਿੱਚ ਰਾਜ ਲਈ ਮਹਿੰਗਾ ਸਾਬਤ ਹੋ ਸਕਦਾ ਹੈ। ਉਨ੍ਹਾਂ ਨੇ ਮਾਨ ਨੂੰ ਸੁਚੇਤ ਕਰਦਿਆਂ ਕਿਹਾ, “ਤੁਹਾਨੂੰ ਸਾਫ਼ ਅਤੇ ਸਪੱਸ਼ਟ ਹੋਣਾ ਪਏਗਾ ਕਿ ਪੰਜਾਬ ਕੋਲ ਕਿਸੇ ਨੂੰ ਦੇਣ ਲਈ ਪਾਣੀ ਦੀ ਇੱਕ ਬੂੰਦ ਵੀ ਫਾਲਤੂ ਨਹੀਂ ਹੈ।"

 


 ਦੱਸ ਦੇਈਏ ਕਿ ਸਤਲੁਜ ਯਮੁਨਾ ਲਿੰਕ ਨਹਿਰ ਮੁੱਦੇ ’ਤੇ ਕੱਲ੍ਹ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਾਲੇ ਬੈਠਕ ਹੋਣ ਜਾ ਰਹੀ ਹੈ। ਹਾਲਾਂਕਿ ਇਸ ਮੁੱਦੇ ’ਤੇ CM ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਅਜਿਹੀ ਮਹੱਤਵਪੂਰਨ ਮੀਟਿੰਗਾਂ ’ਚ ਹਿੱਸਾ ਲੈਣ ਤੋਂ ਕਤਰਾਉਂਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੈਂ ਪੂਰੀ ਤਿਆਰੀ ਨਾਲ ਬੈਠਕ ’ਚ ਭਾਗ ਲਵਾਂਗਾ ਪਰ ਬੈਠਕ ਤੋਂ ਪਹਿਲਾਂ ਕਿਸੇ ਨਤੀਜੇ ’ਤੇ ਪਹੁੰਚਣਾ ਜਲਦਬਾਜੀ ਹੋਵੇਗੀ।