ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਲੀਡਰਾਂ ਨੇ ਅੱਜ ਲੰਮੇਂ ਸਮੇਂ ਬਾਅਦ ਪ੍ਰੈਸ ਕਾਨਫਰੰਸ ਕੀਤੀ। ਟਕਸਾਲੀ ਲੀਡਰਾਂ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ, ਬੀਰਦਵਿੰਦਰ ਸਿੰਘ ਤੇ ਉਜਾਗਰ ਸਿੰਘ ਵਡਾਲੀ ਨੇ ਜ਼ਿਮਨੀ ਚੋਣਾਂ ਦੇ ਨਤੀਜਿਆਂ 'ਤੇ ਕਾਂਗਰਸ ਅਤੇ ਅਕਾਲੀ ਦਲ ਦੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਦਾਖਾ ਦੀ ਸੀਟ ਨੂੰ ਕਾਂਗਰਸ ਨੇ ਵੱਕਾਰ ਦਾ ਸਵਾਲ ਬਣਾਇਆ ਸੀ ਅਤੇ ਜਲਾਲਾਬਾਦ ਦੀ ਸੀਟ ਨੂੰ ਸੁਖਬੀਰ ਬਾਦਲ ਨੇ ਆਪਣੀ ਇੱਜ਼ਤ ਦਾ ਸਵਾਲ ਬਣਾਇਆ ਸੀ ਪਰ ਦੋਵੇਂ ਸੀਟਾਂ ਤੇ (ਦਾਖਾ) ਕਾਂਗਰਸੀ ਤੇ (ਜਲਾਲਾਬਾਦ) ਅਕਾਲੀਆਂ ਦੇ ਹਾਰਨ ਨਾਲ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਲੋਕਾਂ ਦਾ ਕਾਂਗਰਸ ਅਤੇ ਅਕਾਲੀ ਦਲ ਨਾਲੋਂ ਮੋਹ ਭੰਗ ਹੋ ਗਿਆ ਹੈ।


ਸਾਬਕਾ ਸੰਸਦ ਮੈਂਬਰ ਡਾ ਰਤਨ ਸਿੰਘ ਅਜਨਾਲਾ ਨੇ ਵੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਤੇ ਹਮਲਾ ਕਰਦੇ ਕਿਹਾ ਕਿ ਉਹ ਭੁੱਲ ਜਾਣ ਕਿ ਪੰਜਾਬ ਦੀ ਸੱਤਾ ਤੇ ਉਹ ਕਾਬਜ਼ ਹੋ ਜਾਣਗੇ। ਪੰਜਾਬ ਸਰਕਾਰ ਦੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਦੱਸਿਆ ਕਿ 1999 ਦੇ ਵਿੱਚ ਜਦੋਂ ਖ਼ਾਲਸਾ ਪੰਥ ਦੀ ਸਾਜਨਾ ਦੀ 300 ਸਾਲਾ ਸ਼ਤਾਬਦੀ ਮਨਾਈ ਗਈ ਸੀ ਤਾਂ ਉਸ ਵੇਲੇ ਉਹ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਦੇ ਵਜ਼ੀਰ ਸਨ। ਸਟੇਜ ਦਾ ਸਾਰਾ ਪ੍ਰਬੰਧ ਉਸ ਵੇਲੇ ਪੰਜਾਬ ਸਰਕਾਰ ਨੇ ਕੀਤਾ ਸੀ ਤੇ ਇਸ ਦੀ ਅਗਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ ਸੀ। ਇਸ ਦੇ ਨਾਲ ਹੀ ਡਾ. ਅਜਨਾਲਾ ਨੇ ਇਸ ਗੱਲ ਨੂੰ ਟਾਲ ਦਿੱਤਾ ਕਿ ਟਕਸਾਲੀ ਅਕਾਲੀ ਦਲ ਦੀ ਭਾਜਪਾ ਨਾਲ ਕੋਈ ਗੱਲ ਚੱਲ ਰਹੀ ਹੈ।


ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਪੰਜਾਬ ਦੀ ਜਨਮ ਸ਼ਤਾਬਦੀ ਮੌਕੇ ਸਾਂਝੀ ਸਟੇਜ ਸੰਬੰਧੀ ਸ਼ੁਰੂ ਹੋਏ ਵਿਵਾਦ 'ਤੇ ਟਕਸਾਲੀਆਂ ਨੇ ਕਿਹਾ ਕਿ ਸਟੇਜ ਉੱਪਰ ਪੰਜਾਬ ਸਰਕਾਰ ਨੂੰ ਵੀ ਆਪਣੀ ਹਉਮੇ ਤਿਆਗਣੀ ਚਾਹੀਦੀ ਹੈ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਆਪਣੀ ਹਉਮੇ ਤਿਆਗਣੀ ਚਾਹੀਦੀ ਹੈ। ਇਸ ਉੱਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਜੋ ਵੀ ਹੁਕਮ ਜਾਰੀ ਕੀਤਾ ਗਿਆ ਹੈ, ਉਸ ਨੂੰ ਬਿਨਾਂ ਕਿਸੇ ਸੰਕੋਚ ਦੇ ਮੰਨਣਾ ਚਾਹੀਦਾ ਹੈ।


ਹਰਿਆਣਾ ਦੇ ਆਏ ਚੋਣ ਨਤੀਜਿਆਂ ਬਾਰੇ ਟਕਸਾਲੀਆਂ ਨੇ ਕਿਹਾ ਕਿ ਕਾਂਗਰਸ ਅਤੇ ਬੀਜੇਪੀ ਹਰਿਆਣਾ ਦੇ ਵਿੱਚ ਜਿਸ ਤਰ੍ਹਾਂ ਢਹਿ ਢੇਰੀ ਹੋਈਆਂ ਹਨ ਤੇ ਉੱਥੇ ਤੀਜੀ ਧਿਰ ਜੇਜੇਪੀ ਦੇ ਵਜੋਂ ਸਾਹਮਣੇ ਆਈ ਹੈ ਉਥੇ ਹੀ ਪੰਜਾਬ ਵਿੱਚ ਵੀ ਲੋਕ ਕਾਂਗਰਸ ਅਤੇ ਅਕਾਲੀਆਂ ਨੂੰ ਮੂੰਹ ਨਹੀਂ ਲਾਉਣਗੇ। ਬ੍ਰਹਮਪੁਰਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਸੁਖਬੀਰ ਬੀਜੇਪੀ ਨਾਲ ਹਰਿਆਣਾ ਜਾਂਦੇ ਸੀ ਅਤੇ ਫੜ੍ਹਾਂ ਮਾਰਦੇ ਸੀ ਪਰ ਸੁਖਬੀਰ ਬਾਦਲ ਨੂੰ ਹਰਿਆਣਾ ਦੇ ਵਿੱਚ ਕੁੱਝ ਵੀ ਪੱਲੇ ਨਹੀਂ ਪਿਆ। ਹੁਣ ਉਹ ਜਦੋਂ ਢਾਈ ਸਾਲਾਂ ਬਾਅਦ ਪੰਜਾਬ ਵਿੱਚ ਦੁਬਾਰਾ ਚੋਣ ਲੜਨਗੇ ਤਾਂ ਇੱਥੇ ਵੀ ਉਨ੍ਹਾਂ ਦੇ ਪੱਲੇ ਕੁਝ ਨਹੀਂ ਪਏਗਾ।


ਟਕਸਾਲੀ ਅਕਾਲੀ ਦਲ ਦੇ ਨਾਲ ਪਿਛਲੇ ਸਮੇਂ ਵਿੱਚ ਜੁੜੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਿਛਲੇ ਦਸ ਸਾਲਾਂ ਤੋਂ ਚੋਣਾਂ ਪੈਂਡਿੰਗ ਪਈਆਂ ਹਨ ਜੋ ਸਿੱਖਾਂ ਨਾਲ ਬੇਇਨਸਾਫੀ ਹੈ। । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਵਫ਼ਦ ਭਾਰਤ ਦੇ ਗ੍ਰਹਿ ਮੰਤਰੀ ਨੂੰ ਮਿਲੇਗਾ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀਆਂ ਚੋਣਾਂ ਕਰਵਾਉਣ ਲਈ ਅਪੀਲ ਕਰੇਗਾ।


ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਫਰਾਖਦਿਲੀ ਦਿਖਾਈ ਹੈ ਅਤੇ ਭਾਰਤ ਸਰਕਾਰ ਵੱਲੋਂ ਵੀ ਢੁੱਕਵੇਂ ਕਦਮ ਚੁੱਕੇ ਗਏ ਹਨ ਪਰ ਲਾਂਘੇ ਨੂੰ ਸਿਰਫ਼ ਇੱਕ ਲਾਂਘਾ ਹੀ ਰਹਿਣ ਦਿੱਤਾ ਜਾਵੇ ਨਾ ਕਿ ਇਸ ਨੂੰ ਇੱਕ ਹੋਰ ਵਾਧਾ ਬਣਾਇਆ ਜਾਵੇ ਕਿਉਂਕਿ ਇਸ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਇਸ ਜਗ੍ਹਾ ਦੇ ਉੱਪਰ ਦੋਵੇਂ ਦੇਸ਼ ਇੱਕ ਦੂਜੇ ਨੂੰ ਵਾਹਗਾ ਬਾਰਡਰ ਦੀ ਤਰ੍ਹਾਂ ਵੰਗਾਰਨ।