Punjab News: ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਉੱਥੇ ਰਹਿੰਦੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਆਪਣੇ ਦੇਸ਼ ਤੋਂ ਬਾਹਰ ਲਿਜਾਣ ’ਤੇ ਰੋਕ ਲਾ ਦਿੱਤੀ ਹੈ। ਅਫ਼ਗਾਨਿਸਤਾਨ ਵਿੱਚ ਤਾਲਿਬਾਨ ਸਰਕਾਰ ਦੇ ਸਥਾਪਤ ਹੋਣ ਮਗਰੋਂ ਘੱਟ ਗਿਣਤੀ ’ਤੇ ਹੋ ਰਹੇ ਹਮਲਿਆਂ ਕਾਰਨ ਉਥੇ ਵਸਦੇ ਹਿੰਦੂ ਤੇ ਸਿੱਖ ਆਪਣੇ ਦੇਸ਼ ਪਰਤ ਰਹੇ ਹਨ। 


ਹਾਸਲ ਜਾਣਕਾਰੀ ਮੁਤਾਬਕ ਅਫ਼ਗਾਨਿਸਤਾਨ ਵਿੱਚ ਰਹਿ ਰਹੇ 60 ਸਿੱਖਾਂ ਨੇ ਸ਼ਨਿਚਰਵਾਰ ਨੂੰ ਅਫ਼ਗਾਨਿਸਤਾਨ ਤੋਂ ਦਿੱਲੀ ਆਉਣਾ ਸੀ ਤੇ ਉਨ੍ਹਾਂ ਆਪਣੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਚਾਰ ਪਾਵਨ ਸਰੂਪ ਵੀ ਲਿਆਉਣੇ ਸਨ, ਪਰ ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਵੱਲੋਂ ਇਨ੍ਹਾਂ ਪਾਵਨ ਸਰੂਪਾਂ ਨੂੰ ਆਪਣੇ ਦੇਸ਼ ਤੋਂ ਬਾਹਰ ਲਿਜਾਣ ’ਤੇ ਰੋਕ ਲਾ ਦਿੱਤੀ ਗਈ ਹੈ, ਜਿਸ ਮਗਰੋਂ ਉਹ ਸਿੱਖ ਵੀ ਭਾਰਤ ਨਹੀਂ ਪਰਤ ਸਕੇ ਹਨ।


ਇਸ ਸਬੰਧੀ ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਨੇ ਦੱਸਿਆ ਕਿ ਅਫ਼ਗਾਨਿਸਤਾਨ ਤੋਂ ਆਉਣ ਵਾਲੇ ਸੱਠ ਸਿੱਖਾਂ ਦੇ ਗਰੁੱਪ ਨੇ ਆਪਣੇ ਨਾਲ ਚਾਰ ਪਾਵਨ ਸਰੂਪ ਲਿਆ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਸੌਂਪਣੇ ਸਨ। ਉਨ੍ਹਾਂ ਦੱਸਿਆ ਕਿ ਅਫ਼ਗਾਨਿਸਤਾਨ ’ਚੋਂ ਹਿੰਦੂਆਂ ਤੇ ਸਿੱਖਾਂ ਦੇ ਬਾਹਰ ਜਾਣ ’ਤੇ ਕੋਈ ਰੋਕ ਨਹੀਂ ਹੈ, ਪਰ ਪਾਵਨ ਸਰੂਪ ਬਾਹਰ ਲਿਜਾਣ ’ਤੇ ਰੋਕ ਲਾ ਦਿੱਤੀ ਗਈ ਹੈ। 



ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਅਫ਼ਗਾਨੀ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਗਈ ਹੈ, ਪਰ ਹਾਲੇ ਮਸਲਾ ਹੱਲ ਨਹੀਂ ਹੋ ਸਕਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਫ਼ਗਾਨ ਤੋਂ ਪਰਤੇ ਸਿੱਖ ਕਈ ਪਾਵਨ ਸਰੂਪ ਭਾਰਤ ਲਿਆ ਚੁੱਕੇ ਹਨ।



ਉਧਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਫਗਾਨਿਸਤਾਨ ਤੋਂ ਬਾਹਰ ਲਿਜਾਣ ’ਤੇ ਪਾਬੰਦੀ ਲਗਾਉਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ 11 ਸਤੰਬਰ ਨੂੰ 60 ਅਫ਼ਗਾਨੀ ਸਿੱਖਾਂ ਦੇ ਜਥੇ ਨੇ ਭਾਰਤ ਆਉਣਾ ਸੀ, ਪਰ ਉਨ੍ਹਾਂ ਨੂੰ ਪਾਵਨ ਸਰੂਪ ਨਾਲ ਲਿਆਉਣ ਤੋਂ ਰੋਕਣ ਕਾਰਨ ਉਹ ਭਾਰਤ ਨਹੀਂ ਆ ਸਕੇ। 


ਉਨ੍ਹਾਂ ਕਿਹਾ ਕਿ ਇਹ ਅਫਗਾਨ ਸ਼ਾਸਨ ਵੱਲੋਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਸਿੱਧਾ ਦਖ਼ਲ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਵਿੱਚ ਦਖ਼ਲ ਦੇਣ ਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਵਿਰੁੱਧ ਅਫ਼ਗਾਨਿਸਤਾਨ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਨੂੰ ਰੁਕਵਾਉਣ।