Punjab News: ਵਿਦੇਸ਼ 'ਚ ਅੰਮ੍ਰਿਤਧਾਰੀ ਸਿੱਖ ਬਜ਼ੁਰਗ ਨਾਲ ਧੱਕੇਸ਼ਾਹੀ, ਕਿਰਪਾਨ ਤੇ ਪੱਗ ਉਤਰਵਾ ਕੇ ਕੀਤਾ ਡਿਪੋਰਟ
Turban and Kirpan Forcibly Removed in Abu Dhabi: ਅਬੂ ਧਾਬੀ ਵਿੱਚ ਸਿੱਖ ਬਜ਼ੁਰਗ ਨਾਲ ਬੇਹੱਦ ਧੱਕੇ ਦਾ ਮਾਮਲਾ ਸਾਹਮਣੇ ਆਇਆ ਹੈ। ਸਿੱਖ ਬਜ਼ੁਰਗ ਦਾ ਹਿਰਾਸਤ ਦੌਰਾਨ ਅਪਮਾਨ ਕੀਤਾ ਗਿਆ।

Turban and Kirpan Forcibly Removed in Abu Dhabi: ਅਬੂ ਧਾਬੀ ਵਿੱਚ ਸਿੱਖ ਬਜ਼ੁਰਗ ਨਾਲ ਬੇਹੱਦ ਧੱਕੇ ਦਾ ਮਾਮਲਾ ਸਾਹਮਣੇ ਆਇਆ ਹੈ। ਸਿੱਖ ਬਜ਼ੁਰਗ ਦਾ ਹਿਰਾਸਤ ਦੌਰਾਨ ਅਪਮਾਨ ਕੀਤਾ ਗਿਆ। ਉਨ੍ਹਾਂ ਨੂੰ ਕਿਰਪਾਨ ਤੇ ਪੱਗ ਉਤਾਰਨ ਲਈ ਮਜਬੂਰ ਕੀਤਾ ਗਿਆ। ਇਹ ਖਬਰ ਸਾਹਮਣੇ ਆਉਣ ਮਗਰੋਂ ਸਿੱਖ ਜਗਤ ਵਿੱਚ ਰੋਸ ਦੀ ਲਹਿਰ ਹੈ।
ਸੰਸਦ ਮੈਂਬਰ ਹਰਸਿਮਰਤ ਬਾਦਲ ਨੇ ਕਿਹਾ ਹੈ ਕਿ ਅੰਮ੍ਰਿਤਧਾਰੀ ਸਿੱਖ ਭਾਈ ਦਲਵਿੰਦਰ ਸਿੰਘ ਨਾਲ UAE ਵਿੱਚ ਜੋ ਕੁਝ ਵਾਪਰਿਆ, ਉਹ ਗੰਭੀਰ ਚਿੰਤਾ ਦਾ ਵਿਸ਼ਾ ਹੈ, ਸਮੁੱਚਾ ਸਿੱਖ ਭਾਈਚਾਰਾ ਇਸ ਦੇ ਕਾਰਨ ਦੁਖੀ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਦੌਰਾਨ ਉਨ੍ਹਾਂ ਦੇ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਕੀਤੀ ਗਈ ਤੇ ਅਖ਼ੀਰ ਉਨ੍ਹਾਂ ਨੂੰ ਬਿਨਾਂ ਪੱਗ ਦੇ ਹੀ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਇਹ ਸਿਰਫ਼ ਇੱਕ ਵਿਅਕਤੀ ਦੇ ਮਾਣ ਸਨਮਾਨ ਦਾ ਮਾਮਲਾ ਨਹੀਂ, ਸਗੋਂ ਇਹ ਸਿੱਖ ਧਰਮ ਤੇ ਭਾਵਨਾਵਾਂ ਉੱਤੇ ਸਿੱਧਾ ਹਮਲਾ ਹੈ।
ਉਨ੍ਹਾਂ ਨੇ ਕਿਹਾ ਕਿ ਮੈਂ ਦੇਸ਼ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਜੀ ਨੂੰ ਅਪੀਲ ਕਰਦੀ ਹਾਂ ਕਿ ਉਹ ਤੁਰੰਤ ਇਹ ਮਾਮਲਾ ਯੂਏਈ (UAE) ਦੀ ਸਰਕਾਰ ਕੋਲ ਉਠਾਉਣ ਤੇ ਯਕੀਨੀ ਬਣਾਉਣ ਕਿ ਭਵਿੱਖ ਵਿੱਚ ਕਿਸੇ ਵੀ ਸਿੱਖ ਨੂੰ ਅਜਿਹੇ ਧਾਰਮਿਕ ਅਪਮਾਨ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੇ ਨਾਲ ਨਾਲ ਹੀ ਯੂਏਈ ਵਿੱਚ ਭਾਰਤੀ ਦੂਤਾਵਾਸ ਨੂੰ ਵੀ ਚਾਹੀਦਾ ਹੈ ਕਿ ਉਹ ਸਮਾਜ ਤੇ ਸਰਕਾਰ ਨਾਲ ਸੰਵਾਦ ਕਰਕੇ ਸਿੱਖ ਧਰਮ ਤੇ ਉਸ ਦੀਆਂ ਧਾਰਮਿਕ ਚਿੰਨ੍ਹਾਂ ਬਾਰੇ ਜਾਗਰੂਕਤਾ ਵਧਾਏ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਦੁਬਾਰਾ ਵਾਪਰਨ ਤੋਂ ਰੋਕਿਆ ਜਾ ਸਕੇ।
ਹਾਸਲ ਜਾਣਕਾਰੀ ਮੁਤਾਬਕ ਨਵੀਂ ਦਿੱਲੀ ਵਾਸੀ ਮਨਪ੍ਰੀਤ ਸਿੰਘ ਨੇ ਭਾਰਤ ਸਰਕਾਰ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਮੁਤਾਬਕ ਅਬੂ ਧਾਬੀ ਵਿੱਚ ਉਸ ਦੇ ਪਿਤਾ ਦਲਵਿੰਦਰ ਸਿੰਘ ਨੂੰ ਤਸ਼ੱਦਦ ਤੇ ਭਾਰੀ ਪ੍ਰੇਸ਼ਾਨੀ ਝੱਲਣੀ ਪਈ ਹੈ। ਮਨਪ੍ਰੀਤ ਸਿੰਘ ਨੇ ਆਪਣੇ ਪਿਤਾ ਨਾਲ ਵਾਪਰੇ ਦੁਖਦਾਈ ਵਰਤਾਰੇ ਬਾਰੇ ਜਾਣਕਾਰੀ ਦਿੱਤੀ ਹੈ। ਕੈਥਲ ਦੇ ਅੰਮ੍ਰਿਤਧਾਰੀ ਬਜ਼ੁਰਗ ਦਲਵਿੰਦਰ ਸਿੰਘ 21 ਅਪਰੈਲ ਨੂੰ ਗਰੁੱਪ ਨਾਲ ਟੂਰਿਸਟ ਵੀਜ਼ਾ ’ਤੇ ਅਬੂ ਧਾਬੀ ਗਏ ਸਨ। ਜਦੋਂ ਉਹ ਸਾਰੇ ਬੋਚਾਸਨਵਾਸੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਮੰਦਰ ਗਏ ਤਾਂ ਅਬੂ ਧਾਬੀ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ ਤੇ ਕਿਰਪਾਨ ਬਾਰੇ ਪੁੱਛ-ਪੜਤਾਲ ਕੀਤੀ।
ਇਸ ਦੌਰਾਨ ਟੂਰ ਗਾਈਡਾਂ ਤੇ ਮੰਦਰ ਪ੍ਰਬੰਧਕਾਂ ਵੱਲੋਂ ਚਿੰਨ੍ਹਾਂ ਦੀ ਧਾਰਮਿਕ ਮਹੱਤਤਾ ਬਾਰੇ ਸਮਝਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਧਿਕਾਰੀ ਕੁਝ ਵੀ ਮੰਨਣ ਲਈ ਤਿਆਰ ਨਹੀਂ ਹੋਏ ਤੇ ਦਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮਨਪ੍ਰੀਤ ਸਿੰਘ ਨੇ ਕਿਹਾ ਕਿ ਉਸ ਦੇ ਪਿਤਾ ਨੂੰ 20 ਦਿਨਾਂ ਦੀ ਹਿਰਾਸਤ ਦੌਰਾਨ ਭਾਰੀ ਅਪਮਾਨ ਤੇ ਮਾਨਸਿਕ ਤਸੀਹੇ ਝੱਲਣੇ ਪਏ। ਸੀਆਈਡੀ, ਬਨਿਆਸ ਜੇਲ੍ਹ ਅਧਿਕਾਰੀਆਂ ਤੇ ਰਾਬਾ ਜੇਲ੍ਹ ਅਧਿਕਾਰੀਆਂ ਨੇ ਪਹਿਲਾਂ ਤਾਂ ਇਸ ਗੱਲ ਤੋਂ ਹੀ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ ਤੇ ਬਾਅਦ ਵਿੱਚ ਦਲਵਿੰਦਰ ਸਿੰਘ ’ਤੇ ਪੁਲਿਸ ਨਾਲ ਬਹਿਸ ਕਰਨ ਦੇ ਦੋਸ਼ ਲਾ ਦਿੱਤੇ।
ਹਾਲਾਂਕਿ ਦਲਵਿੰਦਰ ਸਿੰਘ ਯੂਏਈ ਦੀ ਸਥਾਨਕ ਜ਼ੁਬਾਨ ਜਾਂ ਅੰਗਰੇਜ਼ੀ ਭਾਸ਼ਾ ਨਹੀਂ ਜਾਣਦੇ ਸਨ, ਜਿਸ ਕਾਰਨ ਬਹਿਸ ਦੇ ਦੋਸ਼ ਬੇਬੁਨਿਆਦ ਸਾਬਤ ਹੋਏ ਤੇ ਇਸ ਦਾ ਅਦਾਲਤੀ ਹੁਕਮ ਵਿੱਚ ਵੀ ਜ਼ਿਕਰ ਨਹੀਂ ਕੀਤਾ ਗਿਆ। ਮਨਪ੍ਰੀਤ ਸਿੰਘ ਨੇ ਕਿਹਾ ਕਿ ਨਜ਼ਰਬੰਦੀ ਦੌਰਾਨ ਦਲਵਿੰਦਰ ਸਿੰਘ ਨੂੰ ਅਣਮਨੁੱਖੀ ਹਾਲਤਾਂ ਵਿੱਚ ਰੱਖਿਆ ਗਿਆ। ਉਨ੍ਹਾਂ ਦੀ ਪੱਗ, ਕੜਾ ਤੇ ਕੰਘਾ ਜ਼ਬਰਦਸਤੀ ਉਤਾਰ ਦਿੱਤਾ ਗਿਆ, ਜਿਸ ਨਾਲ ਉਨ੍ਹਾਂ ਨੂੰ ਨੰਗੇ ਸਿਰ ਰਹਿਣਾ ਪਿਆ। ਇਸ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ ਹੈ। ਨਜ਼ਰਬੰਦੀ ਦੇ ਆਖ਼ਰੀ ਦਿਨਾਂ ਵਿੱਚ ਉਨ੍ਹਾਂ ਨੂੰ ਜੇਲ੍ਹ ਭੇਜ ਦਿਤਾ ਗਿਆ, ਜਿੱਥੇ ਉਨ੍ਹਾਂ ਨੂੰ ਸ਼ਾਕਾਹਾਰੀ ਹੋਣ ਦੇ ਬਾਵਜੂਦ ਮਾਸਾਹਾਰੀ ਭੋਜਨ ਪਰੋਸਿਆ ਗਿਆ। ਬਾਅਦ ਵਿੱਚ ਉਨ੍ਹਾਂ ਨੂੰ ਪੱਗ ਤੋਂ ਬਿਨਾਂ ਹੀ ਮੁਲਕ ਵਿੱਚੋਂ ਡਿਪੋਰਟ ਕਰ ਦਿੱਤਾ ਗਿਆ ਜਿਸ ਕਾਰਨ ਉਸ ਦੇ ਪਿਤਾ ਨੂੰ ਭਾਰੀ ਨਮੋਸ਼ੀ ਝੱਲਣੀ ਪਈ।






















