ਮੋਹਾਲੀ : ਬਲਦੇਵ ਸਿੰਘ ਸਿਰਸਾ ਨੇ ਅੱਜ ਸਿੱਖਿਆ ਬੋਰਡ ਦੇ ਬਾਹਰ ਪ੍ਰੈਸ ਕਾਨਫਰੰਸ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਸਰਕਾਰ ਨੇ ਤਿੰਨ ਕਿਤਾਬਾਂ 'ਤੇ ਪਾਬੰਦੀ ਲਗਾ ਦਿੱਤੀ ਹੈ, ਜਿਨ੍ਹਾਂ ਵਿਚ ਇਤਿਹਾਸ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਸੀ ਪਰ ਸਰਕਾਰ ਨੇ ਵਾਅਦੇ ਮੁਤਾਬਕ ਉਨ੍ਹਾਂ ਦੀ ਜਾਂਚ ਨਹੀਂ ਕੀਤੀ ਅਤੇ ਵੱਡੀ ਗੱਲ ਇਹ ਹੈ ਕਿ ਪਾਬੰਦੀਸ਼ੁਦਾ ਤਿੰਨ ਕਿਤਾਬਾਂ ਤੋਂ ਬਿਨਾਂ 36 ਹੋਰ ਕਿਤਾਬਾਂ ਸਾਹਮਣੇ ਆਈਆਂ ਹਨ। ਉਨ੍ਹਾਂ ਕਿਹਾ ਕਿ ਮੈਂ ਆਰ.ਟੀ.ਆਈ ਵਿੱਚ ਇਸਦੀ ਜਾਣਕਾਰੀ ਮੰਗੀ ਸੀ ਪਰ ਅਜੇ ਤੱਕ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ।

 

ਸਿਰਸਾ ਨੇ ਕਿਹਾ ਕਿ ਜੇਕਰ ਸਰਕਾਰ ਨੇ 15 ਤਰੀਕ ਤੱਕ ਬਣਦੀ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ ਅਸੀਂ 16 ਤਰੀਕ ਨੂੰ ਪੰਜਾਬ ਸਿੱਖਿਆ ਬੋਰਡ ਅਤੇ ਵਿਭਾਗ ਦੇ ਗੇਟ ਬੰਦ ਰੱਖਾਂਗੇ, ਜਦੋਂ ਤੱਕ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲਦੀਆਂ।ਉਨ੍ਹਾਂ ਕਿਹਾ ਅਸੀਂ ਸਾਰੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜੋ ਲੋਕ ਇੱਥੇ ਆਪਣਾ ਕੰਮ ਕਰਵਾਉਣ ਆਉਂਦੇ ਹਨ, ਉਹ ਸੋਮਵਾਰ ਤੋਂ ਇੱਥੇ ਨਾ ਆਉਣ। ਤਿੰਨ ਕਿਤਾਬਾਂ ਤਾਂ ਸਰਕਾਰ ਨੇ ਮੰਨ ਲਈਆਂ ,ਜੋ ਗਲਤ ਸਨ ਪਰ ਬਾਕੀ 36 ਕਿਤਾਬਾਂ 'ਤੇ ਵੀ ਪਾਬੰਦੀ ਲਗਾ ਕੇ ਦੋਸ਼ੀ ਲੋਕਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਜੋ ਕਿਤਾਬ ਸਹੀ ਹੈ,ਉਹ ਬੱਚਿਆਂ ਤੱਕ ਪਹੁੰਚ ਜਾਵੇ ਤਾਂ ਜੋ ਗੁਰੂਆਂ ਦੀ ਗਲਤ ਜਾਣਕਾਰੀ ਉਨ੍ਹਾਂ ਤੱਕ ਨਾ ਜਾਵੇ।



ਸਿਰਸਾ ਨੇ ਕਿਹਾ ਕਿ ਹੌਲੀ-ਹੌਲੀ ਪਤਾ ਲੱਗ ਰਿਹਾ ਹੈ ਕਿ ਇਹ ਗਲਤ ਜਾਣਕਾਰੀ ਅਤੇ ਇਤਿਹਾਸ ਨਾਲ ਛੇੜਛਾੜ 1997 ਤੋਂ ਹੋ ਰਹੀ ਹੈ। ਸਾਰਿਆਂ ਉਪਰ ਪਰਚਾ ਹੋਣਾ ਚਾਹੀਦਾ ਅਤੇ ਇਨ੍ਹਾਂ ਕਿਤਾਬਾਂ 'ਤੇ ਪਾਬੰਦੀ ਲਗਾਉਣੀ ਚਾਹੀਦੀ ਹੈ।ਉਨ੍ਹਾਂ ਕਿਹਾ ਅਸੀਂ ਨਹੀਂ ਚਾਹੁੰਦੇ ਕਿ ਲੋਕ ਪਰੇਸ਼ਾਨ ਹੋਣ ਪਰ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਸੁਖਬੀਰ ਬਾਦਲ ਦੀ ਸਰਕਾਰ ਵੇਲੇ ਵੀ ਕਿਤਾਬਾਂ ਵਿੱਚ ਸਿੱਖ ਇਤਿਹਾਸ ਨਾਲ ਇਸੇ ਤਰ੍ਹਾਂ ਛੇੜਛਾੜ ਕੀਤੀ ਗਈ ਸੀ ਪਰ ਪਤਾ ਹੋਣ ਦੇ ਬਾਵਜੂਦ ਕੁਝ ਨਹੀਂ ਕੀਤਾ ਗਿਆ। ਕੁਝ ਲੋਕ ਪੈਸੇ ਦੇ ਲਾਲਚ ਵਿੱਚ ਆ ਕੇ ਇਸ ਤਰ੍ਹਾਂ ਦਾ ਕੰਮ ਕਰਦੇ ਹਨ।


ਉਨ੍ਹਾਂ ਕਿਹਾ ਕੁਝ ਕਿਤਾਬਾਂ ਅਜਿਹੀਆਂ ਹਨ ,ਜਿਨ੍ਹਾਂ ਦਾ ਮੈਂ ਵਿਰੋਧ ਕੀਤਾ ਸੀ ,ਜਿਨ੍ਹਾਂ 'ਤੇ 2017 'ਚ ਪਾਬੰਦੀ ਲਗਾ ਦਿੱਤੀ ਗਈ ਸੀ ਪਰ ਹੁਣ ਉਹੀ ਕਿਤਾਬਾਂ ਦੁਬਾਰਾ ਪੜ੍ਹਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਅਸੀਂ ਵਿਦਵਾਨਾਂ ਦਾ ਇੱਕ ਪੈਨਲ ਬਣਾ ਰਹੇ ਹਾਂ , ਜੋ ਕਿਤਾਬ ਇਹ ਸਾਨੂੰ ਦੇਣਗੇ , ਉਹ ਇਸਨੂੰ ਪਹਿਲਾਂ ਪੜਨਗੇ ਚੈੱਕ ਕਰਨ ਤੋਂ ਬਾਅਦ ਉਸਨੂੰ ਪਾਸ ਕੀਤਾ ਜਾਵੇਗਾ।ਸਿਰਸਾ ਨੇ ਕਿਹਾ ਇੱਕ ਬੱਚੀ ਆਪਣੀ ਕਿਤਾਬ ਲੈ ਕੇ ਆਈ, ਜਿਸ 'ਚ ਲਿਖਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਦੇ ਦੀਵਾਨ ਨਾਲ ਗਲਤ ਸਬੰਧ ਸਨ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਦੋਹਾਂ ਨੂੰ ਗੋਲੀ ਮਾਰ ਦਿੱਤੀ। ਅਜਿਹੇ ਲੋਕ ਸਾਡੇ ਇਤਿਹਾਸ ਨਾਲ ਖਿਲਵਾੜ ਕਰ ਰਹੇ ਹਨ। ਜਿਹੜੇ ਕਿਸਾਨ ਜੱਥੇਬੰਦੀਆਂ ਨੇ ਚੋਣਾਂ ਨਹੀਂ ਲੜੀਆਂ ਅਤੇ ਬਾਕੀ ਸਭ ਨੂੰ ਦੱਸਣਾ ਕਿ ਇਹ ਸਭ ਦਾ ਸਾਂਝਾ ਮੁੱਦਾ ਹੈ, ਮੈਂ ਸਾਰਿਆਂ ਨੂੰ ਇੱਥੇ ਆਉਣ ਦੀ ਅਪੀਲ ਕਰਦਾ ਹਾਂ।