Tarn Taran News: ਤਰਨਤਾਰਨ ਜ਼ਿਲ੍ਹੇ ਦੇ ਪਿੰਡ ਲੌਹਕਾ ਤੋਂ ਬਹੁਤ ਹੀ ਦੁਖਦਾਇਕ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸਕੂਲੋਂ ਵਾਪਸ ਆ ਰਹੇ 5 ਸਾਲਾ ਬੱਚੇ ਨੂੰ ਟਰੱਕ ਨੇ ਦਰੜ ਦਿੱਤਾ। ਇਹ ਹਾਦਸਾ ਇੰਨਾ ਖੌਫਨਾਕ ਸੀ ਕਿ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਾਸੂਮ ਬੱਚਾ ਸਕੂਲ ਵੈਨ 'ਚੋਂ ਉੱਤਰ ਕੇ ਸੜਕ ਪਾਰ ਕਰ ਰਿਹਾ ਸੀ ਕਿ ਪਿੱਛੋਂ ਆ ਰਹੇ ਟਰੱਕ ਨੇ ਦਰੜ ਦਿੱਤਾ। ਗੰਭੀਰ ਹਾਲਤ 'ਚ ਮਾਪੇ ਬੱਚੇ ਨੂੰ ਤਰਨਤਾਰਨ ਦੇ ਨਿੱਜੀ ਹਸਪਤਾਲ ਲੈ ਕੇ ਗਏ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਟਰੱਕ ਚਾਲਕ ਵਿਰੁੱਧ ਕੇਸ ਦਰਜ
ਮੌਕੇ ’ਤੇ ਪੁੱਜੀ ਚੌਂਕੀ ਕੈਰੋਂ ਦੀ ਪੁਲਿਸ ਨੇ ਲਾਸ਼ ਕਬਜੇ 'ਚ ਲੈ ਕੇ ਟਰੱਕ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਬੱਚੇ ਦੀ ਮ੍ਰਿਤਕ ਹਰਜੋਤ ਸਿੰਘ ਵਜੋਂ ਹੋਈ ਹੈ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਬੱਚਾ ਐਲ.ਕੇ.ਜੀ ਵਿੱਚ ਪੜ੍ਹਦਾ ਸੀ।
ਸਕੂਲ ਤੋਂ ਵਾਪਸ ਘਰ ਆ ਰਿਹਾ ਸੀ ਬੱਚਾ
ਮ੍ਰਿਤਕ ਦੇ ਪਿਤਾ ਗੁਰਭੇਜ ਸਿੰਘ ਨੇ ਦੱਸਿਆ ਕਿ ਉਸ ਦਾ ਪੰਜ ਸਾਲਾ ਬੱਚਾ ਪਿੰਡ ਪਿੰਡ ਠੱਕਰਪੁਰਾ ਦੇ ਕਾਨਵੈਂਟ ਸਕੂਲ 'ਚ ਪੜ੍ਹਦਾ ਸੀ। ਜਦੋਂ ਕਰੀਬ 11 ਵਜੇ ਸਕੂਲ ਤੋਂ ਛੁੱਟੀ ਹੋਣ ਉਪਰੰਤ ਮੇਰਾ ਪੁੱਤ ਹਰਜੋਤ ਸਿੰਘ ਵੈਨ ਵਿਚ ਪਿੰਡ ਲੌਹਕੇ ਪਹੁੰਚਿਆ ਤਾਂ ਤਰਨਤਾਰਨ ਵਾਲੇ ਪਾਸਿਓਂ ਇਕ ਟਰੱਕ ਲੰਘ ਰਿਹਾ ਸੀ, ਜਿਸ ਨੇ ਹਰਜੋਤ ਸਿੰਘ ਨੂੰ ਆਪਣੀ ਲਪੇਟ ਵਿਚ ਲੈ ਲਿਆ। ਹਾਦਸਾ ਐਨਾ ਭਿਆਨਕ ਸੀ ਕਿ ਪੁੱਤ ਦੀ ਮੌਕੇ 'ਤੇ ਮੌਤ ਹੋ ਗਈ।
ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ
ਮਾਪਿਆਂ ਨੇ ਖੁਸ਼ੀ ਖੁਸ਼ੀ ਆਪਣੇ ਬੱਚੇ ਨੂੰ ਤਿਆਰ ਕਰਕੇ ਸਕੂਲ ਭੇਜਿਆ ਸੀ ਪਰ ਪੁੱਤ ਲਾਸ਼ ਬਣ ਕੇ ਘਰ ਪਰਤਿਆ। ਮਾਸੂਮ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਪਰਿਵਾਰ ਵਿੱਚ ਚੀਕ-ਚਿਹਾੜਾ ਪੈ ਗਿਆ। ਇਸ ਘਟਨਾ ਸਬੰਧੀ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।