ਤਰਨ ਤਾਰਨ: ਤਰਨ ਤਾਰਨ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਵੱਲੋਂ ਅੰਮ੍ਰਿਤਸਰ-ਖੇਮਕਰਨ ਮਾਰਗ 'ਤੇ ਪਿੰਡ ਮੰਨਣ ਨੇੜੇ ਨੈਸ਼ਨਲ ਹਾਈਵੇ ਅਥਾਰਿਟੀ ਵੱਲੋਂ ਬਣਾਏ ਜਾਣ ਵਾਲੇ ਟੋਲ ਪਲਾਜ਼ਾ ਵਿਰੁੱਧ ਪਿਛਲੇ 6 ਮਹੀਨਿਆਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਅੱਜ ਪੁਲਿਸ ਤੇ ਕਿਸਾਨ ਜਥੇਬੰਦੀਆਂ ਆਹਮੋ-ਸਾਹਮਣੇ ਹੋ ਗਈਆਂ। ਪਿੰਡ ਮੰਨਣ ਪੂਰੀ ਤਰ੍ਹਾਂ ਛਾਉਣੀ ਵਿੱਚ ਤਬਦੀਲ ਹੋ ਗਿਆ।


ਇਸ ਮੌਕੇ ਭਾਰੀ ਪੁਲਿਸ ਫੋਰਸ ਦੇ ਇਲਾਵਾ ਟੀਅਰ ਗੈਸ ਤੇ ਦੰਗਾ ਨਿਰੋਧਕ ਵਾਹਨ ਵੀ ਸਾਰਾ ਦਿਨ ਪਿੰਡ ਦੀ ਸਰਹੱਦ 'ਤੇ ਖੜਏ ਰਹੇ ਤਾਂਕਿ ਕਿਸੇ ਅਣਸੁਖਾਵੀਂ ਸਥਿਤੀ ਨਾਲ ਨਜਿੱਠਿਆ ਜਾ ਸਕੇ। ਇਸ ਮੌਕੇ SPD ਜਗਜੀਤ ਵਾਲੀਆ ਦੇ ਇਲਾਵਾ ਨਾਇਬ ਤਹਿਸੀਲਦਾਰ ਅਜੇ ਕੁਮਾਰ, ਥਾਣਾ ਝਬਾਲ ਇੰਚਾਰਜ ਪ੍ਰਭਜੀਤ ਸਿੰਘ, SHO ਤਰਸੇਮ ਮਸੀਹ ਦੇ ਇਲਾਵਾ ਏਐਸਆਈ ਵਿਪਨ ਕੁਮਾਰ ਵੀ ਸਾਰਾ ਦਿਨ ਪਿੰਡ 'ਚ ਮੌਜੂਦ ਰਹੇ।


ਪੱਟੀ ਦੇ ਐਸਡੀਐਮ ਡਾ. ਅਮਿਤ ਮਹਾਜਨ ਨੇ ਧਰਨੇ ਵਾਲੀ ਥਾਂ ਪਹੁੰਚ ਕੇ ਧਰਨਾ ਦੇ ਰਹੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਭਰੋਸਾ ਦਿਵਾਇਆ ਕਿ ਇਸ ਮਾਮਲੇ ਦੇ ਹੱਲ ਲਈ ਉਹ ਜਲਦ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀ ਮੀਟਿੰਗ ਕਰਾਉਣਗੇ ਤੇ ਉਦੋਂ ਤਕ ਟੋਲ ਪਲਾਜ਼ਾ ਦੀ ਨਿਸ਼ਾਨਦੇਹੀ ਦਾ ਕੰਮ ਬੰਦ ਰਹੇਗਾ। ਇਸ ਭਰੋਸੇ ਦੇ ਬਾਅਦ ਦੇਰ ਸ਼ਾਮ ਕਿਸਾਨਾਂ ਨੇ ਆਪਣਾ ਧਰਨਾ ਚੁੱਕਿਆ।