Tarn Taran News : ਤਰਨਤਾਰਨ ਜ਼ਿਲ੍ਹੇ ਵਿੱਚ ਡੇਢ ਸਾਲ ਦੀ ਮਾਸੂਮ ਬੱਚੀ ਨਾਲ ਬੇਰਹਿਮੀ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਦੀ ਆਪਣੀ ਮਾਂ ਨੇ ਹੀ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਮਹਿਲਾ ਨੇ ਬੱਚੀ ਦਾ ਸਿਰ ਫੜ ਕੇ ਉਸ ਨੂੰ ਬਿਸਤਰੇ 'ਤੇ ਪਟਕਿਆ ਅਤੇ ਫਿਰ 10 ਸਕਿੰਟਾਂ ਵਿੱਚ 6 ਥੱਪੜ ਮਾਰੇ। ਇਸ ਘਟਨਾ ਦੀ ਵੀਡੀਓ ਬਣਾ ਕੇ ਉਸ ਨੇ ਆਪਣੇ ਪਤੀ ਨੂੰ ਭੇਜ ਦਿੱਤੀ।

Continues below advertisement

ਵੀਡੀਓ ਸਾਹਮਣੇ ਆਉਣ ਤੋਂ ਬਾਅਦ ਬਾਲ ਸੁਰੱਖਿਆ ਵਿਭਾਗ ਅਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਬੱਚੀ ਨੂੰ ਰੈਸਕਿਊ ਕਰ ਲਿਆ, ਜਦਕਿ ਆਰੋਪੀ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਉਸ ਦਾ ਪਤੀ ਅਕਸਰ ਘਰ ਤੋਂ ਬਾਹਰ ਰਹਿੰਦਾ ਸੀ। ਉਸ ਨੂੰ ਘਰ ਵਾਪਸ ਬੁਲਾਉਣ ਲਈ ਉਹ ਬੱਚੀ ਨਾਲ ਕੁੱਟਮਾਰ ਕਰਦੀ ਅਤੇ ਉਸ ਦੀ ਵੀਡੀਓ ਬਣਾ ਕੇ ਪਤੀ ਨੂੰ ਭੇਜਦੀ ਸੀ ਤਾਂ ਜੋ ਉਹ ਘਰ ਆ ਜਾਵੇ।

ਜਾਣਕਾਰੀ ਅਨੁਸਾਰ ਇਹ ਮਾਮਲਾ ਨਾਨਕਸਰ ਮੁਹੱਲੇ ਦਾ ਹੈ। ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਇਹ ਮਾਮਲਾ 1098 ਚਾਈਲਡ ਹੈਲਪਲਾਈਨ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਵਿਭਾਗ ਨੇ ਬੱਚੀ ਦੇ ਪਰਿਵਾਰ ਨੂੰ ਬੁਲਾਇਆ।

Continues below advertisement

ਇਸ ਦੌਰਾਨ ਬੱਚੀ ਦੇ ਪਿਤਾ ਨੇ ਅਧਿਕਾਰੀਆਂ ਨੂੰ ਇੱਕ ਵੀਡੀਓ ਦਿਖਾਈ, ਜਿਸ ਵਿੱਚ ਬੱਚੀ ਦੀ ਮਾਂ ਉਸ ਨਾਲ ਕੁੱਟਮਾਰ ਕਰਦੀ ਨਜ਼ਰ ਆ ਰਹੀ ਸੀ। ਇਸ ਤੋਂ ਬਾਅਦ ਬਾਲ ਸੁਰੱਖਿਆ ਵਿਭਾਗ ਨੇ ਪੁਲਿਸ ਨਾਲ ਮਿਲ ਕੇ ਨਾਨਕਸਰ ਮੁਹੱਲੇ ਵਿੱਚ ਕਾਰਵਾਈ ਕੀਤੀ ਅਤੇ ਬੱਚੀ ਨੂੰ ਰੈਸਕਿਊ ਕਰਕੇ ਥਾਣੇ ਲੈ ਆਇਆ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਬੱਚੀ ਦੇ ਮਾਤਾ-ਪਿਤਾ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਸਨ ਅਤੇ ਉਨ੍ਹਾਂ ਦੀ ਡੇਢ ਸਾਲ ਦੀ ਇੱਕ ਧੀ ਹੈ। ਸ਼ੁਰੂਆਤੀ ਜਾਂਚ ਮੁਤਾਬਕ ਦੋਵੇਂ ਨਸ਼ਾ ਕਰਦੇ ਸਨ, ਜਿਸ ਕਾਰਨ ਉਨ੍ਹਾਂ ਵਿਚਕਾਰ ਅਕਸਰ ਝਗੜੇ ਹੁੰਦੇ ਸਨ। ਹਾਲਾਂਕਿ ਵਿਵਾਦ ਮਾਤਾ-ਪਿਤਾ ਵਿਚਕਾਰ ਸੀ ਪਰ ਇਸ ਦਾ ਸਭ ਤੋਂ ਵੱਧ ਅਸਰ ਮਾਸੂਮ ਬੱਚੀ 'ਤੇ ਪਿਆ। ਸਾਹਮਣੇ ਆਏ ਤੱਥਾਂ ਦੇ ਆਧਾਰ 'ਤੇ ਡੀਡੀਆਰ ਦਰਜ ਕੀਤੀ ਗਈ ਅਤੇ ਬੱਚੀ ਨੂੰ ਬਾਲ ਕਲਿਆਣ ਕਮੇਟੀ (CWC) ਅੱਗੇ ਪੇਸ਼ ਕੀਤਾ ਗਿਆ। ਬਾਅਦ ਵਿੱਚ ਉਸ ਨੂੰ ਉਸ ਦੀ ਦਾਦੀ ਦੀ ਦੇਖਭਾਲ ਹੇਠ ਸੌਂਪ ਦਿੱਤਾ ਗਿਆ।

ਰਾਜੇਸ਼ ਕੁਮਾਰ ਨੇ ਦੱਸਿਆ ਕਿ ਬੱਚੀ ਨੂੰ ਸਪਾਂਸਰਸ਼ਿਪ ਯੋਜਨਾ ਤਹਿਤ ਸ਼ਾਮਲ ਕਰਕੇ ਉਸ ਦਾ ਪੁਨਰਵਾਸ ਵੀ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਆਪਣੀ ਮਰਜ਼ੀ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿੰਦਾ ਹੈ ਤਾਂ ਇਹ ਉਸ ਦਾ ਨਿੱਜੀ ਫ਼ੈਸਲਾ ਹੈ, ਪਰ ਅਜਿਹੇ ਮਾਮਲਿਆਂ ਵਿੱਚ ਸਰਕਾਰੀ ਸੁਰੱਖਿਆ ਆਪਣੇ ਆਪ ਉਪਲਬਧ ਨਹੀਂ ਹੁੰਦੀ।

ਪਤੀ ਨੂੰ ਘਰ ਬੁਲਾਉਣ ਲਈ ਬਣਾਉਂਦੀ ਸੀ ਵੀਡੀਓ

ਪੁੱਛਗਿੱਛ ਦੌਰਾਨ ਆਰੋਪੀ ਮਹਿਲਾ ਸਿਮਰਨ ਨੇ ਦੱਸਿਆ ਕਿ ਉਸ ਦਾ ਪਤੀ ਕਈ-ਕਈ ਦਿਨ ਘਰ ਤੋਂ ਬਾਹਰ ਰਹਿੰਦਾ ਸੀ। ਉਸ ਨੂੰ ਵਾਪਸ ਘਰ ਬੁਲਾਉਣ ਲਈ ਉਹ ਆਪਣੀ ਧੀ ਨਾਲ ਕੁੱਟਮਾਰ ਕਰਦੀ ਸੀ ਅਤੇ ਉਸ ਦੀ ਵੀਡੀਓ ਬਣਾ ਕੇ ਪਤੀ ਨੂੰ ਭੇਜਦੀ ਸੀ। ਮਹਿਲਾ ਦੇ ਮੁਤਾਬਕ ਉਹ ਚਾਹੁੰਦੀ ਸੀ ਕਿ ਬੱਚੀ ਦੀ ਹਾਲਤ ਦੇਖ ਕੇ ਉਸ ਦਾ ਪਤੀ ਘਰ ਵਾਪਸ ਆ ਜਾਵੇ।

ਇਲਾਕੇ ਵਿੱਚ ਰੋਸ, ਸਖ਼ਤ ਕਾਰਵਾਈ ਦੀ ਮੰਗ

ਘਟਨਾ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਹੈ। ਲੋਕਾਂ ਦਾ ਕਹਿਣਾ ਹੈ ਕਿ ਡੇਢ ਸਾਲ ਦੀ ਮਾਸੂਮ ਬੱਚੀ, ਜੋ ਅਜੇ ਢੰਗ ਨਾਲ ਬੋਲ ਵੀ ਨਹੀਂ ਸਕਦੀ, ਉਸ ਨੂੰ ਆਪਣੇ ਹੀ ਮਾਪਿਆਂ ਦੀ ਲਾਪਰਵਾਹੀ ਅਤੇ ਨਸ਼ੇ ਦੀ ਆਦਤ ਦਾ ਖ਼ਮਿਆਜ਼ਾ ਭੁਗਤਣਾ ਪਿਆ। ਲੋਕਾਂ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉੱਧਰ ਬਾਲ ਸੁਰੱਖਿਆ ਵਿਭਾਗ ਦਾ ਕਹਿਣਾ ਹੈ ਕਿ ਬੱਚੀ ਦੀ ਸੁਰੱਖਿਆ ਅਤੇ ਭਵਿੱਖ ਨੂੰ ਪਹਿਲ ਦੇਂਦੇ ਹੋਏ ਸਾਰੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਉਸ ਨੂੰ ਸੁਰੱਖਿਅਤ ਮਾਹੌਲ ਮਿਲ ਸਕੇ।