Tarn Taran RPG attack : ਤਰਨਤਾਰਨ ਦੇ ਸਰਹਾਲੀ ਥਾਣੇ 'ਤੇ ਹੋਏ ਆਰਪੀਜੀ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਅਤੇ NIA ਨੇ ਜਾਂਚ ਤੇਜ਼ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਪੁਲਿਸ ਨੇ 15 ਸ਼ੱਕੀਆਂ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਹੈ। ਜਾਂਚ 'ਚ ਅੱਤਵਾਦੀਆਂ ਅਤੇ ਸਥਾਨਕ ਗੈਂਗਸਟਰਾਂ ਵਿਚਾਲੇ ਸਬੰਧ ਸਾਹਮਣੇ ਆਉਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਲਾਰੈਂਸ ਸਮੇਤ 25 ਗੈਂਗਸਟਰਾਂ ਤੋਂ ਪੁੱਛਗਿੱਛ ਕਰ ਰਹੀਆਂ ਹਨ।
ਇਨ੍ਹਾਂ 'ਚੋਂ ਕੁਝ ਗੈਂਗਸਟਰ ਪੁਲਿਸ ਰਿਮਾਂਡ 'ਤੇ ਹਨ ਅਤੇ ਕਈ ਜੇਲ 'ਚ ਬੰਦ ਹਨ ਅਤੇ ਉਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਤਰਨਤਾਰਨ ਦੇ ਗੈਂਗਸਟਰ ਸਤਨਾਮ ਉਰਫ ਸਤਬੀਰ ਸੱਤਾ ਦੀ ਭਾਲ ਜਾਰੀ ਹੈ। ਉਹ ਰਿੰਦਾ ਅਤੇ ਲੰਡਾ ਦੇ ਅੱਤਵਾਦੀ ਨੈੱਟਵਰਕ ਦਾ ਹਿੱਸਾ ਹੈ। ਉਹ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਸਰਹੱਦ ਪਾਰ ਤੋਂ ਤਸਕਰੀ ਵਿੱਚ ਵੀ ਸ਼ਾਮਲ ਰਿਹਾ ਹੈ।
ਇਸ ਅੱਤਵਾਦੀ ਹਮਲੇ ਦਾ ਸਬੰਧ ਕੈਨੇਡਾ ‘ਚ ਬੈਠੇ ਗੈਂਗਸਟਰ ਲਖਵੀਰ ਸਿੰਘ ਲੰਡਾ ਨਾਲ ਜੁੜਿਆ ਹੈ। NIA ਦੀ ਟੀਮ ਨੇ ਐਤਵਾਰ ਨੂੰ ਸਰਹਾਲੀ ਤੋਂ 14 ਕਿਲੋਮੀਟਰ ਦੂਰ ਹਰੀਕੇ ਪੱਤਣ ਵਿਖੇ ਅੱਤਵਾਦੀ ਲਖਬੀਰ ਸਿੰਘ ਲੰਡਾ ਦੇ ਘਰ ਛਾਪਾ ਮਾਰਿਆ ਸੀ। ਇਸ ਦੌਰਾਨ ਘਰ 'ਚ ਕੋਈ ਨਹੀਂ ਮਿਲਿਆ। ਉਸ ਦੇ ਘਰ ਨੇੜੇ ਲੱਗੇ ਟਿਊਬਵੈੱਲ 'ਤੇ ਵੀ ਤਲਾਸ਼ੀ ਮੁਹਿੰਮ ਚਲਾਈ ਗਈ।
ਇਹ ਵੀ ਪੜ੍ਹੋ : ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਸੁਖਬੀਰ ਬਾਦਲ ਨੂੰ ਮੁੜ ਸੰਮਨ , ਅੱਜ SIT ਦੇ ਸਾਹਮਣੇ ਪੇਸ਼ ਹੋਣਗੇ ਬਾਦਲ
ਪੁਲਿਸ ਦੀ ਜਾਂਚ ਮੁਤਾਬਕ ਇਸ ਹਮਲੇ ਨੂੰ ਪੰਜ ਅੱਤਵਾਦੀ-ਗੈਂਗਸਟਰਾਂ ਨੇ ਅੰਜਾਮ ਦਿੱਤਾ ਹੈ। ਇਨ੍ਹਾਂ ਵਿੱਚ ਸ਼ਾਮਲ ਲੋਕ ਹਰੀਕੇ ਪੱਤਣ ਵਾਲੇ ਪਾਸਿਓਂ ਬਾਈਕ ਅਤੇ ਬਰੇਜਾ ਕਾਰ ਰਾਹੀਂ ਆਏ ਸਨ। ਇਹ ਸਾਰੇ ਲੋਕ ਹਰੀਕੇ ਪੱਤਣ ਅਤੇ ਸਰਹਾਲੀ ਵਿਚਕਾਰ ਹਾਈਵੇਅ ’ਤੇ ਸਥਿਤ ਇੱਕ ਢਾਬੇ ’ਤੇ ਵੀ ਰੁਕੇ ਸਨ। ਇਨ੍ਹਾਂ ਦੀਆਂ ਤਸਵੀਰਾਂ ਢਾਬੇ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਹਨ।
ਦੱਸ ਦੇਈਏ ਕਿ ਸਰਹਾਲੀ ਥਾਣੇ ਦੇ ਐਸਐਚਓ ਪ੍ਰਕਾਸ਼ ਸਿੰਘ ਦਾ ਤਬਾਦਲਾ ਕਰਾਈਮ ਇਨਵੈਸਟੀਗੇਸ਼ਨ ਏਜੰਸੀ (ਸੀਆਈਏ) ਵਿੰਗ ਵਿੱਚ ਕਰ ਦਿੱਤਾ ਹੈ। ਉਨ੍ਹਾਂ ਦੀ ਥਾਂ ’ਤੇ ਪੱਟੀ ਥਾਣੇ ਦੇ ਐਸਐਚਓ ਸੁਖਬੀਰ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ। ਪੰਜਾਬ ਪੁਲਿਸ ਦੀਆਂ ਕਰੀਬ 19 ਟੀਮਾਂ ਮਾਮਲੇ ਦੀ ਜਾਂਚ ਵਿੱਚ ਜੁਟੀਆਂ ਹੋਈਆਂ ਹਨ। ਇਸ ਵਿੱਚ ਫੋਰੈਂਸਿਕ ਅਤੇ ਸਾਈਬਰ ਮਾਹਿਰਾਂ ਸਮੇਤ ਕਈ ਮਾਹਿਰ ਸ਼ਾਮਲ ਹਨ।